ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਫਰਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਉੱਤਰ-ਪੂਰਬੀ ਦਿੱਲੀ ਦੰਗਿਆਂ ਦੀ ‘ਨਿਰਪੱਖ’ ਜਾਂਚ ਲਈ ਦਿੱਲੀ ਪੁਲੀਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਫੋਰਸ ਨੂੰ ਅਗਲੇ ਪੰਜ ਸਾਲਾਂ ਅਤੇ 25 ਸਾਲਾਂ ਲਈ ਵੀ ਇੱਕ ‘ਰੋਡ ਮੈਪ’ ਤਿਆਰ ਕਰਨਾ ਚਾਹੀਦਾ ਹੈ। ਦਿੱਲੀ ਪੁਲੀਸ ਦੇ 75ਵੇਂ ਰਾਈਜ਼ਿੰਗ ਡੇਅ ਪਰੇਡ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪੁਲੀਸ ਨੇ ਨਾ ਸਿਰਫ ਕੋਵਿਡ-19 ਮਹਾਮਾਰੀ ਦੇ ਦੌਰਾਨ ਇੱਕ ‘ਬੇਮਿਸਾਲ ਕੰਮ’ ਕੀਤਾ ਬਲਕਿ ਇਸ ਸਮੇਂ ਦੌਰਾਨ ਕਈ ਅਤਿਵਾਦੀ ਕੋਸ਼ਿਸ਼ਾਂ ਨੂੰ ਵੀ ਅਸਫ਼ਲ ਕੀਤਾ ਹੈ।
ਸ਼ਾਹ ਨੇ ਕਿਹਾ, ‘‘ਦਿੱਲੀ ਪੁਲੀਸ ਨੇ ਉੱਤਰ-ਪੂਰਬੀ ਦਿੱਲੀ ਦੰਗਿਆਂ ਤੇ ਮਹਾਮਾਰੀ ਦੌਰਾਨ ਸਖ਼ਤ ਮਿਹਨਤ ਕੀਤੀ ਹੈ, ਜਿਸ ਤਰ੍ਹਾਂ ਦਿੱਲੀ ਪੁਲੀਸ ਨੇ ਦੰਗਿਆਂ ਦੇ ਮਾਮਲਿਆਂ ਦੀ ਸਖ਼ਤ ਤੇ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਅਤੇ ਦੰਗਾਕਾਰੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ’’। ਮੰਤਰੀ ਨੇ ਕਿਹਾ ਕਿ ਦਿੱਲੀ ਪੁਲੀਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕੌਮੀ ਰਾਜਧਾਨੀ ਦੀ ਪੁਲੀਸ ਫੋਰਸ ਹੋਣ ਦੇ ਨਾਤੇ ਇਸਦੇ ਕਈ ਫਰਜ਼ ਹਨ, ਜਿਨ੍ਹਾਂ ਵਿੱਚ ਪਤਵੰਤਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ, ਇਹ ਨਿਸ਼ਚਿਤ ਕਰਨਾ ਸ਼ਾਮਲ ਹੈ ਕਿ ਵੱਖ-ਵੱਖ ਪ੍ਰੋਗਰਾਮਾਂ ਨੂੰ ਬਿਨਾਂ ਕਿਸੇ ਰੁਕਾਵਟ ਤੇ ਹੋਰ ਕਾਨੂੰਨ ਤੇ ਵਿਵਸਥਾ ਨਾਲ ਸਬੰਧਤ ਮਾਮਲਿਆਂ ਦੇ ਪੂਰਨ ਕੀਤਾ ਜਾਵੇ। ਜਦੋਂ ਵੀ ਕੌਮਾਂਤਰੀ ਪੱਧਰ ’ਤੇ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦਾ ਅਸਰ ਦਿੱਲੀ ਵਿਚ ਵੀ ਮਹਿਸੂਸ ਹੁੰਦਾ ਹੈ। ਪੁਲੀਸ ਦਾ ਕੰਮ ਵੀ ਇੱਥੇ ਸਥਿਤੀ ਦੀ ਨਿਗਰਾਨੀ ਕਰਨਾ ਹੈ। ਸ਼ਾਹ ਨੇ ਕਿਹਾ ਕਿ ਦਿੱਲੀ ਪੁਲੀਸ ਦਾ 75ਵਾਂ ਰਾਈਜ਼ਿੰਗ ਡੇਅ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨਾਂ ਨਾਲ ਮੇਲ ਖਾਂਦਾ ਹੈ ਤੇ ਜ਼ੋਰ ਦਿੱਤਾ ਕਿ ਫੋਰਸ ਨੂੰ ਅਗਲੇ ਪੰਜ ਸਾਲਾਂ ਲਈ ਰੋਡ ਮੈਪ ਤਿਆਰ ਕਰਨਾ ਚਾਹੀਦਾ ਹੈ। ਸ਼ਾਹ ਨੇ ਕਿਹਾ, ‘‘ਦਿੱਲੀ ਪੁਲੀਸ ਸਮੇਂ ਦੇ ਨਾਲ ਬਦਲ ਗਈ ਹੈ। ਮੈਂ ਦਿੱਲੀ ਪੁਲੀਸ ਕਮਿਸ਼ਨਰ ਤੇ ਕੇਂਦਰੀ ਗ੍ਰਹਿ ਸਕੱਤਰ ਨੂੰ ਅਗਲੇ ਪੰਜ ਸਾਲਾਂ ਤੇ 25 ਸਾਲਾਂ ਲਈ ਟੀਚਿਆਂ ਦੇ ਨਾਲ ਇੱਕ ਰੋਡ ਮੈਪ ਤਿਆਰ ਕਰਨ ਦੀ ਅਪੀਲ ਕਰਦਾ ਹਾਂ।’