ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜਨਵਰੀ
ਦੱਖਣੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਸਿੱਖਿਆ ਕਮੇਟੀ ਦੀ ਚੇਅਰਪਰਸਨ ਕੁਮਾਰੀ ਨਿਕਿਤਾ ਸ਼ਰਮਾ ਨੇ ਆਪਣੇ ਸਿੱਖਿਆ ਨਿਰਦੇਸ਼ਕ ਨੂੰ ਲਿਖੇ ਪੱਤਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਬਾਬਾ ਫਤਹਿ ਸਿੰਘ ਬਾਬਾ ਤੇ ਜ਼ੋਰਾਵਰ ਸਿੰਘ ਦੀ ਸ਼ਹੀਦੀ ਬਾਰੇ ਆਪਣੇ ਸਕੂਲਾਂ ਵਿੱਚ ਇੱਕ ਪਾਠ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਨਾਲ ਬੱਚੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਜਾਣ ਸਕਣਗੇ। ਆਪਣੇ ਪੱਤਰ ਵਿੱਚ ਚੇਅਰਪਰਸਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾਂਜਲੀ ਦਿੰਦੇ ਹੋਏ ਐਲਾਨ ਕੀਤਾ ਸੀ ਕਿ ਇਸ ਦਿਨ ਨੂੰ ਵੀਰ ਬਾਲ ਦਿਵਸ ਵਜੋਂ ਮਨਾਇਆ ਜਾਵੇਗਾ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਉਨ੍ਹਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਤੇ ਦਲੇਰੀ ਲਈ ਜਾਣੇ ਜਾਂਦੇ ਹਨ। ਇਤਿਹਾਸਕਾਰਾਂ ਅਨੁਸਾਰ ਸਾਹਿਬਜ਼ਾਦਿਆਂ ਨੂੰ ਦੇਸ਼ ਭਗਤੀ ਤੇ ਵਿਸ਼ਵਾਸ਼ ਲਈ ਸਤਿਕਾਰਿਆ ਜਾਂਦਾ ਹੈ।