ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਵਿਖੇ ਦਰਸ਼ਨ ਲਈ ਆਉਣ ਵਾਲੀ ਸੰਗਤ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਡੀਐੱਸਜੀਐੱਮਸੀ ਵੱਲੋਂ ਪ੍ਰਗਟਾਏ ਗਏ ਇਤਰਾਜ਼ ’ਤੇ ਗੌਰ ਕਰਦਿਆਂ ਕਈ ਗੱਲਾਂ ਨੂੰ ਮੰਨਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਨ੍ਹਾਂ ’ਚ ਰਿੰਗ ਰੋਡ ’ਤੇ ਗੁਰਦੁਆਰਾ ਸਾਹਿਬ ਦੇ ਠੀਕ ਸਾਹਮਣੇ ਇਕ ਆਧੁਨਿਕ ਫੁੱਟ ਓਵਰਬ੍ਰਿਜ ਦਾ ਨਿਰਮਾਣ ਕਰਾਉਣ ਦੀ ਸਹਿਮਤੀ ਮਿਲਣਾ ਸ਼ਾਮਲ ਹੈ। ਨਵੇਂ ਬਣਨ ਵਾਲੇ ਪੁਲ ਦੀ ਲੰਮਾਈ 125 ਫੁੱਟ ਅਤੇ ਚੌੜ੍ਹਾਈ 15 ਫੁੱਟ (ਤਕਰੀਬਨ) ਹੋਵੇਗੀ ਅਤੇ ਦੋਵਾਂ ਪਾਸੇ ਲਿਫਟ ਦੀ ਸਹੂਲਤ ਵੀ ਉਪਲੱਬਧ ਹੋਵੇਗੀ। ਅੱਜ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਮਹਿਕਮਾ (ਪੀਡਬਲਿਊਡੀ) ਦੇ ਐਕਸੀਅਨ ਸ੍ਰੀ ਵਿਜੈ ਨੇ ਆਪਣੀ ਟੀਮ ਦੇ ਤਕਨੀਕੀ ਮਾਹਿਰਾਂ ਨਾਲ ਰਿੰਗ ਦਾ ਦੌਰਾ ਕੀਤਾ, ਜਿਸ ਪਿੱਛੋਂ ਦੋਵਾਂ ਧਿਰਾਂ ਵਿਚਾਲੇ ਆਮ ਸਹਿਮਤੀ ਬਣੀ।
ਕਾਹਲੋਂ ਨੇ ਦੱਸਿਆ ਕਿ ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਸਾਹਮਣੋਂ ਗੁਜਰਦੀ ਆਊਟਰ ਰਿੰਗ ਰਿੰਡ ’ਤੇ ਗੱਡੀਆਂ ਦੀ ਤੇਜ਼ ਰਫ਼ਤਾਰ ਵਿਚਾਲੇ ਸੜਕ ਪਾਰ ਕਰਕੇ ਗੁਰਦੁਆਰਾ ਸਾਹਿਬ ਤਕ ਦਰਸ਼ਨ ਕਰਨ ਲਈ ਜਾਣਾ ਕਾਫੀ ਜੋਖ਼ਮ ਭਰਿਆ ਬਣ ਗਿਆ ਸੀ ਕਿਉਂਕਿ ਜ਼ਿਆਦਾਤਰ ਸੰਗਤ ਨੂੰ ਪੈਦਲ ਹੀ ਸੜਕ ਪਾਰ ਕਰਕੇ ਜਾਣਾ ਪੈਂਦਾ ਹੈ। ਇੱਥੇ ਕਿਸੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਦਿੱਲੀ ਕਮੇਟੀ ਵੱਲੋਂ ਪੀ.ਡਬਲਿਊ.ਡੀ ਮਹਿਕਮੇ ਨਾਲ ਰਾਬਤਾ ਕਾਇਮ ਕੀਤਾ ਗਿਆ। ਰਿੰਗ ਰੋਡ ’ਤੇ ਗੁਰਦੁਆਰੇ ਦੇ ਨੇੜੇ ਹੀ ਸੜਕ ’ਤੇ ਇਕ ਲੂਪ ਪੁਆਇੰਟ ਕੱਟ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ ਤਾਂ ਕਿ ਸੰਗਤ ਨੂੰ ਕਈ ਕਿਲੋਮੀਟਰ ਘੁੰਮ ਕੇ ਗੁਰਦੁਆਰਾ ਸਾਹਿਬ ਆਉਣ ਤੋਂ ਰਾਹਤ ਮਿਲ ਸਕੇ।