ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜੁਲਾਈ
ਦਿੱਲੀ ਰਾਜ ਆਂਗਣਵਾੜੀ ਵਰਕਰਾਂ ਅਤੇ ਹੈਲਪਰਜ਼ ਯੂਨੀਅਨ (ਡੀਐਸਏਵਾਈਐਚਯੂ) ਨੇ ਕੁਝ ਵਰਕਰਾਂ ਤੇ ਹੈਲਪਰਾਂ ਦੀ ਬਰਖਾਸਤਗੀ ਅਤੇ ਨਵੇਂ ਲੇਬਰ ਕੋਡ ਦੇ ਖ਼ਿਲਾਫ਼ ਜੰਤਰ ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ। ਬਿਗੁਲ ਮਜ਼ਦੂਰ ਦਾਸਤਾ, ਦਿਸ਼ਾ ਵਿਦਿਆਰਥੀ ਸੰਗਠਨ ਤੇ ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ (ਏਆਈਐਫਆਰਟੀਈ) ਦੇ ਕਾਰਕੁਨ ਵੀ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ। ਡੀਐਸਏਵਾਈਐਚਯੂ ਨੇ ਦਾਅਵਾ ਕੀਤਾ ਹੈ ਕਿ 884 ਆਂਗਣਵਾੜੀ ਵਰਕਰਾਂ ਨੂੰ ਬਰਖਾਸਤਗੀ ਦੇ ਨੋਟਿਸ ਜਾਰੀ ਕੀਤੇ ਗਏ ਹਨ ਤੇ 11,942 ਵਰਕਰਾਂ ਨੂੰ ਮਾਣ ਭੱਤੇ ਵਿੱਚ ਵਾਧੇ ਤੇ ਕੰਮ ਦੇ ਸਨਮਾਨਜਨਕ ਘੰਟੇ ਦੀ ਮੰਗ ਲਈ 39 ਦਿਨਾਂ ਦੀ ਹੜਤਾਲ ਵਿੱਚ ਹਿੱਸਾ ਲੈਣ ਲਈ ਦਿੱਲੀ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਸਾਰੇ ਵਰਕਰਾਂ ਤੇ ਹੈਲਪਰਾਂ ਦੀ ਬਰਖਾਸਤਗੀ ਬਿਨਾਂ ਸ਼ਰਤ ਵਾਪਸ ਲਈ ਜਾਵੇ। ਡੀਐਸਏਵਾਈਐਚਯੂ ਮੈਂਬਰ ਵਰਸ਼ਾਲੀ ਸ਼ਰੂਤੀ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਅਪ੍ਰੈਲ ਮਹੀਨੇ ਤੱਕ ਦੇ ਸਾਰੇ ਬਕਾਏ ਦਿੱਤੇ ਜਾਣ ਤੇ ਨੌਕਰੀ ਤੋਂ ਕੱਢੀਆਂ ਗਈਆਂ ਵਰਕਰਾਂ ਦੇ ਬਕਾਏ ਬਿਨਾਂ ਕਿਸੇ ਸ਼ਰਤ ਦੇ ਦਿੱਤੇ ਜਾਣ। ਨਵੇਂ ਲੇਬਰ ਕੋਡਾਂ ਬਾਰੇ ਬੋਲਦਿਆਂ ਸ਼ਰੂਤੀ ਨੇ ਕਿਹਾ ਕਿ ਚਾਰ ਲੇਬਰ ਕੋਡ ਸਰਮਾਏਦਾਰਾਂ ਲਈ ਇੱਕ ਹੋਰ ਵਰਦਾਨ ਹਨ। ਮਜ਼ਦੂਰ ਵਿਰੋਧੀ ਲੇਬਰ ਕੋਡ ਮਜ਼ਦੂਰਾਂ ਦੇ ਅਧਿਕਾਰਾਂ ’ਤੇ ਕੇਂਦਰ ਸਰਕਾਰ ਵੱਲੋਂ ਬੇਰੋਕ ਹਮਲੇ ਦੇ ਨਾਲ ਜਾਰੀ ਹਨ। 200 ਤੋਂ ਵੱਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਜੰਤਰ-ਮੰਤਰ ਵਿਖੇ ਇਕੱਠੇ ਹੋ ਕੇ ਧਰਨਾ ਦਿੱਤਾ। ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਕਿਰਤ ਕਾਨੂੰਨਾਂ ’ਤੇ ਕੋਈ ਵੀ ਹਮਲਾ ਸੰਘੀਕਰਨ ਦੇ ਅਧਿਕਾਰ ’ਤੇ ਹਮਲਾ ਹੈ। ਆਂਗਣਵਾੜੀ ਵਰਕਰ ਪ੍ਰਿਅੰਬਦਾ ਨੇ ਕਿਹਾ ਕਿ ਉਨ੍ਹਾਂ ਦੀਆਂ ਬਰਖਾਸਤ ਕੀਤੀਆਂ ਵਰਕਰਾਂ ਅਤੇ ਹੈਲਪਰਾਂ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੀਆਂ ਦੋ ਮੁੱਢਲੀਆਂ ਮੰਗਾਂ ਮੁਲਾਜ਼ਮਾਂ ਜਿਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਹੈ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਤੇ ਉਨ੍ਹਾਂ ਦੇ ਸਾਰੇ ਬਕਾਏ ਸਰਕਾਰ ਵੱਲੋਂ ਕਲੀਅਰ ਕੀਤੇ ਜਾਣ ਹਨ। ਦਿੱਲੀ ਦੇ ਤਤਕਾਲੀ ਉਪ ਰਾਜਪਾਲ ਅਨਿਲ ਬੈਜਲ ਵੱਲੋਂ ਕਰਮਚਾਰੀਆਂ ਦੇ ਖਿਲਾਫ ਜ਼ਰੂਰੀ ਸੇਵਾਵਾਂ ਰੱਖ-ਰਖਾਅ ਐਕਟ (ਈ.ਐਸ.ਐਮ.ਏ) ਦੀ ਮੰਗ ਕਰਨ ਤੋਂ ਬਾਅਦ ਹੜਤਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।