ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਜੂਨ
ਇਥੇ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਮਗਰੋਂ ਗੁੱਸੇ ਨਾਲ ਭਰੇ-ਪੀਤੇ ਦਿੱਲੀ ਦੇ ਕਰਮਪੁਰਾ ਦੇ ਲੋਕਾਂ ਵੱਲੋਂ ਰੇਹੜੀ ਨਾਲ ਮਹਿੰਗੀ ਕਾਰ ਖਿੱਚ ਕੇ ਆਪਣਾ ਰੋਸ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਥੇ ਕਰਮਪੁਰਾ ਵਿੱਚ ਸਥਾਨਕ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਵੱਖਰੀ ਤਰ੍ਹਾਂ ਦਾ ਰੋਸ ਮੁਜ਼ਾਹਰਾ ਦਿੱਲੀ ਦੀਆਂ ਸੜਕਾਂ ਉਪਰ ਕੀਤਾ ਗਿਆ। ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਲੁਕੇਸ਼ ਮੁੰਜ਼ਾਲ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਡੀਜ਼ਲ ਦੀ ਕੀਮਤ ਪੈਟਰੋਲ ਨਾਲੋਂ ਵੱਧ ਹੋ ਗਈ ਹੈ। ਇਸ ਨਾਲ ਹਰੇਕ ਵਰਗ ਉਪਰ ਬਹੁਤ ਬੁਰਾ ਅਸਰ ਪਿਆ ਹੈ। ਉਨ੍ਹਾਂ ਦਿੱਲੀ ਸਰਕਾਰ ਨੂੰ ਤੇਲ ਉਪਰੋਂ ਵੈਟ ਦੀ ਦਰ ਘੱਟ ਕਰਨ ਦੀ ਅਪੀਲ ਕੀਤੀ ਤੇ ਨਾਲ ਹੀ ਕਿਹਾ ਕਿ ਪਹਿਲਾਂ ਕਰੋਨਾਵਾਇਰਸ ਤੇ ਹੁਣ ਤੇਲ ਦੀਆਂ ਵਧੀਆਂ ਕੀਮਤਾਂ ਕਰਕੇ ਆਮ ਲੋਕ ਕਿਵੇਂ ਗੁਜ਼ਾਰਾ ਕਰਨਗੇ। ਸਾਰੇ ਵਪਾਰ ਦਿਨੋ-ਦਿਨ ਹੇਠਾਂ ਜਾ ਰਹੇ ਹਨ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਤੇਲ ਉਤਪਾਦਾਂ ਦੀਆਂ ਕੀਮਤਾਂ ਘੱਟ ਨਾ ਕੀਤੀਆਂ ਗਈਆਂ ਤਾਂ 14 ਦਿਨ ਦੀ ਭੁੱਖ ਹੜਤਾਲ ਕੀਤੀ ਜਾਵੇਗੀ।
ਉਧਰ ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਕੌਮੀ ਪ੍ਰਧਾਨ ਕੁਲਤਾਰਨ ਸਿੰਘ ਅਠਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ 20 ਲੱਖ ਕਰੋੜ ਦੇ ਪੈਕਜ ਵਿੱਚੋਂ ਇਕ ਵੀ ਪੈਸਾ ਟਰਾਂਸਪੋਰਟ ਖੇਤਰ ਨਹੀਂ ਦਿੱਤਾ ਪਰ ਤੇਲ ਦੀਆਂ ਕੀਮਤਾਂ ਵਧਾ ਕੇ ਟਰਾਂਸਪੋਰਟ ਵਪਾਰ ਦਾ ਹੋਰ ਲੱਕ ਤੋੜ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਦੋ ਹਫ਼ਤੇ ਤੋਂ ਜ਼ਿਆਦਾ ਦਿਨ ਹੋ ਗਏ ਹਨ ਕਿ ਦੇਸ਼ ਅੰਦਰ ਤੇਲ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ ਜਿਸ ਕਰਕੇ ਦੇਸ਼ ਦੇ ਹਰ ਵਪਾਰ, ਕਾਰੋਬਾਰ ਉਪਰ ਉਲਟਾ ਅਸਰ ਪੈ ਰਿਹਾ ਹੈ। ਨਾਲ ਹੀ ਦੇਸ਼ ਦੇ ਅੰਨਦਾਤਾ ਲਈ ਵੀ ਇਸ ਸਮੇਂ ਝੋਨੇ ਦੀ ਬਿਜਾਈ ਲਈ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ ਹੈ ਜਿਸ ਨਾਲ ਉਸ ਨੂੰ ਝੋਨੇ ਦੀ ਫਸਲ ਉਪਰ ਵੱਧ ਖਰਚਾ ਕਰਨਾ ਪਵੇਗਾ। ਦਿੱਲੀ ਵਿੱਚ 0.14 ਰੁਪਏ ਭਾਅ ਵਧਾਉਣ ਮਗਰੋਂ ਡੀਜ਼ਲ 80.02 ਪੈਸੇ ਹੋ ਗਿਆ ਤੇ ਪੈਟਰੋਲ ਦੀ ਕੀਮਤ ਵਿੱਚ 0.16 ਰੁਪਏ ਦਾ ਵਾਧਾ ਕਰਨ ਨਾਲ ਕੁੱਲ ਕੀਮਤ 79.92 ਤਕ ਪੁੱਜ ਗਈ ਹੈ। ਆਮ ਹਾਲਤਾਂ ਵਿੱਚ ਡੀਜ਼ਲ ਪੈਟਰੋਲ ਨਾਲੋਂ ਸਸਤਾ ਹੀ ਮਿਲਦਾ ਆਇਆ ਹੈ।