ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਸਤੰਬਰ
ਉੱਤਰਾਖੰਡ ਵਿੱਚ ਭਾਜਪਾ ਸਰਕਾਰ ਹੋਣ ਦੌਰਾਨ ਇੱਕ ਹੋਟਲ ਦੀ ਰਿਸੈਪਸਨਿਸ਼ਟ ਅੰਕਿਤਾ ਭੰਡਾਰੀ ਦੇ ਕਥਿਤ ਕਤਲ ਮਗਰੋਂ ਦਿੱਲੀ ਦੀ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਅੰਕਿਤਾ ਭੰਡਾਰੀ ਨੂੰ ਇਨਸਾਫ਼ ਦੇਣ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੇ ਹੋਏ ਭਾਜਪਾ ਦੇ ਹੈੱਡਕੁਆਟਰ ਨੇੜੇ ਦੀਨ ਦਿਆਲ ਉਪਾਧਿਆਏ ਮਾਰਗ ’ਤੇ ਮੁਜ਼ਾਹਰਾ ਕੀਤਾ ਗਿਆ। ‘ਆਪ’ਕਾਰਕੁਨ ਇਸੇ ਮਾਰਗ ਉਪਰ ਸਥਿਤ ਪਾਰਟੀ ਦੇ ਕੌਮੀ ਦਫ਼ਤਰ ਵਿਖੇ ਇਕੱਠੇ ਹੋਏ ਤੇ ਉਨ੍ਹਾਂ ਜਿਉਂ ਹੀ ਭਾਜਪਾ ਦੇ ਹੈੱਡਕੁਆਟਰ ਵੱਲ ਮਾਰਚ ਸ਼ੁਰੂ ਕੀਤਾ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਕਨਾਟ ਪਲੈਸ ਵੱਲ ਵਧਣ ਤੋਂ ਰੋਕ ਦਿੱਤਾ। ਕਾਰਕੁਨਾਂ ਵੱਲੋਂ ਦਿੱਲੀ ਪੁਲੀਸ ਦੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੀ ਵਾਹ ਨਾਲ ਚੱਲੀ ਤੇ ਉਹ ਸੜਕ ਉਪਰ ਹੀ ਧਰਨਾ ਦੇ ਕੇ ਬੈਠ ਗਏ। ਉਨ੍ਹਾਂ ਭਾਜਪਾ ਖ਼ਿਲਾਫ਼ ਤੇ ਉੱਤਰਾਖੰਡ ਦੀ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੁਝ ਕਾਰਕੁੰਨਾਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਵੀ ਲਿਆ। ‘ਆਪ’ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਅਸਤੀਫ਼ਾ ਵੀ ਮੰਗਿਆ ਗਿਆ ਤੇ ਦੋਸ਼ ਲਾਇਆ ਕਿ ਭਾਜਪਾ ਦੇ ਰਾਜਾਂ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰਾਂ ਜਾਂਚ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਤੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਦਾ ਸਗੋਂ ਬਲਾਤਕਾਰੀਆਂ ਦਾ ਸਵਾਗਤ ਫੁੱਲਾਂ ਦੇ ਹਾਰ ਪਾ ਕੇ ਕੀਤਾ ਜਾਂਦਾ ਹੈ। ‘ਆਪ’ ਆਗੂਆਂ ਤੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਭਾਜਪਾ ਨੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਨਾਅਰਾ ਸੱਤਾ ਹਾਸਲ ਕਰਨ ਲਈ ਦਿੱਤਾ ਸੀ ਪਰ ਜਿੱਥੇ-ਜਿੱਥੇ ਭਾਜਪਾ ਦੀਆਂ ਸੂਬਾ ਸਰਕਾਰਾਂ ਹਨ ਉੱਥੇ ਔਰਤਾਂ ਜੁਲਮ ਦਾ ਸ਼ਿਕਾਰ ਹਨ ਖ਼ਾਸ ਕਰਕੇ ਉਹ ਭਾਜਪਾ ਨਾਲ ਜੁੜੇ ਲੋਕਾਂ ਹੱਥੋਂ ਹੀ ਜਬਰ ਦਾ ਸਾਹਮਣਾ ਕਰ ਰਹੀਆਂ ਹਨ। ਪ੍ਰਦਰਸ਼ਨ ਵਿੱਚ ਪਾਰਟੀ ਦੇ ਮਹਿਲਾ ਵਿੰਗ ਦੀਆਂ ਕਾਰਕੁਨਾਂ ਤੇ ਵਿਦਿਆਰਥੀ ਵੀ ਸ਼ਾਮਲ ਹੋਏ। ਇਸ ਦੌਰਾਨ ਦਿੱਲੀ ਪੁਲੀਸ ਵੱਲੋਂ ਮਾਰਗ ’ਤੇ ਆਵਾਜਾਈ ਦਾ ਰੂਟ ਬਦਲ ਦਿੱਤਾ ਗਿਆ।