ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਨਵੰਬਰ
ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਗਲਤ ਤਰੀਕੇ ਨਾਲ ਸੀਲ ਕੀਤੀਆਂ ਜਾਇਦਾਦਾਂ ਨੂੰ ਡੀਸੀਲ ਨਹੀਂ ਕੀਤਾ ਜਾ ਸਕਿਆ, ਜਿਸ ਨੂੰ ਭਾਜਪਾ ਸ਼ਾਸਿਤ ਕਾਰਪੋਰੇਸ਼ਨ ਹੁਣ ਡੀ-ਸੀਲ ਕਰ ਰਹੀ ਹੈ। ਦੀਵਾਲੀ ਮੌਕੇ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਪੂਰਬੀ ਦਿੱਲੀ ਨਗਰ ਨਿਗਮ ਦੇ ਰਿਸ਼ਭ ਵਿਹਾਰ ਵਿੱਚ ਨਿਗਰਾਨੀ ਕਮੇਟੀ ਵੱਲੋਂ ਸੀਲ ਕੀਤੀਆਂ ਜਾਇਦਾਦਾਂ ਨੂੰ ਡੀ ਸੀਲ ਕਰਕੇ ਪੂਰਬੀ ਦਿੱਲੀ ਨਗਰ ਨਿਗਮ ਦੀ ਡੀ ਸੀਲਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਨੋਟੀਫਿਕੇਸ਼ਨ ਪੱਤਰ ਸੌਂਪਿਆ। ਇਸ ਮੌਕੇ ਪੂਰਬੀ ਦਿੱਲੀ ਨਗਰ ਨਿਗਮ ਦੇ ਮੇਅਰ ਨਿਰਮਲ ਜੈਨ, ਵਿਧਾਇਕ ਓਮ ਪ੍ਰਕਾਸ਼ ਸ਼ਰਮਾ, ਸੱਤਿਆਪਾਲ ਸਿੰਘ, ਉਪ ਚੇਅਰਮੈਨ ਦੀਪਕ ਮਲਹੋਤਰਾ ਤੇ ਕਈ ਕੌਂਸਲਰ ਹਾਜ਼ਰ ਸਨ। ਆਦੇਸ਼ ਗੁਪਤਾ ਨੇ ਕਿਹਾ ਕਿ ਜਦੋਂ ਦਿੱਲੀ ਵਿੱਚ ਨਿਗਰਾਨੀ ਕਮੇਟੀ ਉਨ੍ਹਾਂ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਜਾਇਦਾਦਾਂ ਨੂੰ ਸੀਲ ਕਰ ਰਹੀ ਸੀ ਤਾਂ ਇਸ ਦਾ ਸਾਬਕਾ ਸਪੀਕਰ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਸਮੇਤ ਭਾਜਪਾ ਨੇਤਾਵਾਂ ਨੇ ਸਖ਼ਤ ਵਿਰੋਧ ਕੀਤਾ। ਇਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਤਲਬ ਕੀਤਾ ਸੀ। ਨਿਗਰਾਨੀ ਕਮੇਟੀ ਦਾ ਕੰਮ ਸਰਕਾਰੀ ਜਾਇਦਾਦਾਂ ਦੀ ਦੁਰਵਰਤੋਂ ਅਤੇ ਕਬਜ਼ਿਆਂ ‘ਤੇ ਕੰਮ ਕਰਨਾ ਸੀ ਪਰ ਉਨ੍ਹਾਂ ਨੇ ਰਿਹਾਇਸ਼ੀ ਜਾਇਦਾਦਾਂ ਨੂੰ ਖੁਦ ਸੀਲ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਵਪਾਰੀ ਪ੍ਰੇਸ਼ਾਨ ਹੋਏ। ਉਨ੍ਹਾਂ ਕਿਹਾ ਕਿ ਭਾਜਪਾ ਦੀਵਾਲੀ ਤੋਂ ਪਹਿਲਾਂ ਆਪਣੇ ਅਧਿਕਾਰ ਖੇਤਰ ਹੇਠਲੀਆਂ ਸਾਰੀਆਂ ਜਾਇਦਾਦਾਂ ਨੂੰ ਡੀਸੀਲ ਕਰ ਦੇਵੇਗੀ ਜਿਸ ਨੂੰ ਨਿਗਰਾਨੀ ਕਮੇਟੀ ਨੇ ਗਲਤ ਤਰੀਕੇ ਨਾਲ ਸੀਲ ਕਰ ਦਿੱਤਾ ਸੀ। ਆਉਣ ਵਾਲੇ ਦਿਨਾਂ ਵਿੱਚ ਸ਼ਾਹਦਰਾ ਨੌਰਥ ਜ਼ੋਨ ਦੀਆਂ ਲਗਪਗ 559 ਸੰਪਤੀਆਂ ਵਿੱਚੋਂ 200 ਤੋਂ ਵੱਧ ਸੰਪਤੀਆਂ ਨੂੰ ਡੀ ਸੀਲ ਕਰ ਦਿੱਤਾ ਜਾਵੇਗਾ।