ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਈ
ਪੰਜਾਬੀ ਪ੍ਰੋਮੋਸ਼ਨ ਕੌਂਸਲ ਵਲੋਂ ਪੰਜਾਬੀਅਤ ਦੀ ਸੇਵਾ ਵਿਚ ਲੱਗੇ ਪੱਤਰਕਾਰਾਂ, ਪੰਜਾਬੀ ਭਾਸ਼ਾ ਵਿਚ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਸਕੂਲੀ ਵਿਦਿਆਰਥੀਆਂ ਅਤੇ ਕਰੋਨਾ ਕਾਲ ਵਿਚ ਮਨੁੱਖਤਾ ਲਈ ਆਪਣੀਆਂ ਨਿਸ਼ਕਾਮ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੰਸਥਾ ਵਲੋਂ ਪਿਛਲੇ ਕਈ ਸਾਲਾਂ ਤੋਂ ਮਾਂ ਬੋਲੀ ਦੀ ਸੇਵਾ ’ਚ ਲੱਗੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਪਰ ਕਰੋਨਾ ਕਾਰਨ ਪਿਛਲੇ ਦੋ ਸਾਲਾਂ ਤੋਂ ਐਵਾਰਡ ਸਮਾਰੋਹ ਨਹੀਂ ਹੋ ਸਕਿਆ। ਉਨ੍ਹਾਂ ਅੱਗੇ ਕਿਹਾ ਸੰਸਥਾ ਦੇ ਚੇਅਰਮੈਨ ਐਮ.ਪੀ. ਸਿੰਘ, ਸਲਾਹਕਾਰ ਡੀ.ਪੀ. ਸਿੰਘ ਪੱਪੂ, ਸੁਦੀਪ ਸਿੰਘ ਆਦਿ ਆਗੂਆਂ ਨਾਲ ਮਿਲ ਕੇ ਸੰਸਥਾ ਨੇ ਅਗਲੇ ਮਹੀਨੇ ਇੱਕ ਐਵਾਰਡ ਸਮਾਰੋਹ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੇ (ਪੰਜਾਬੀ, ਹਿੰਦੀ ਜਾਂ ਉਰਦੂ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਜੁੜੇ) ਪੱਤਰਕਾਰਾਂ, ਲੇਖਕਾਂ, ਕੈਮਰਾਮੈਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 10ਵੀਂ ਅਤੇ 11ਵੀਂ ਜਮਾਤ ਦੇ ਪੰਜਾਬੀ ਭਾਸ਼ਾ ਵਿੱਚ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਜਸਵੰਤ ਬੌਬੀ ਨੇ ਕਿਹਾ ਕਿ ਕਰੋਨਾ ਦੀ ਬਿਮਾਰੀ ਦੌਰਾਨ ਡਾਕਟਰਾਂ ਦੀ ਭੂਮਿਕਾ ਵੀ ਸ਼ਲਾਘਾਯੋਗ ਰਹੀ, ਜਿਨ੍ਹਾਂ ਨੇ ਆਪਣੀ ਜਾਨ ’ਤੇ ਖੇਡ ਕੇ ਮਨੁੱਖਤਾ ਦੀ ਸੇਵਾ ’ਚ ਦਿਨ-ਰਾਤ ਇਕ ਕਰ ਦਿੱਤਾ, ਇਸ ਦੇ ਮੱਦੇਨਜਰ ਕਿਸੇ ਇਕ ਡਾਕਟਰ ਦੀ ਚੋਣ ਕਰਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਅਖੀਰ ’ਚ ਜਸਵੰਤ ਬੌਬੀ ਨੇ ਸਨਮਾਨ ਦੀ ਚੋਣ ਪ੍ਰਕਿਰਿਆ ਬਾਰੇ ਦੱਸਿਆ ਕਿ ਚਾਹਵਾਨ ਸ਼ਖਸੀਅਤਾਂ ਵਲੋਂ ਭੇਜੇ ਬਾਇਓਡਾਟਾ ਦੇ ਅਧਾਰ ’ਤੇ ਸੰਸਥਾ ਵੱਲੋਂ ਇੱਕ ਕਮੇਟੀ ਬਣਾਈ ਜਾਵੇਗੀ, ਜੋ ਸਬੰਧਤ ਕੈਟਾਗਰੀਆਂ ਲਈ ਯੋਗ ਉਮੀਦਵਾਰਾਂ ਨੂੰ ਚੁਣੇਗੀ।