ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੂਨ
ਕਰੋਨਾ ਦੇ ਦੂਜੀ ਲਹਿਰ ਦੌਰਾਨ ਕੁਝ ਹਸਪਤਾਲਾਂ ਵਿਚ ਆਕਸੀਜਨ ਦੀ ਘਾਟ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਸਬੰਧੀ ਦਿੱਲੀ ਸਰਕਾਰ ਨੇ ਚਾਰ ਮੈਂਬਰੀ ਕਮੇਟੀ ਬਣਾਈ ਹੈ ਜੋ ਇਸ ਦੀ ਜਾਂਚ ਕਰੇਗੀ ਤੇ ਹਰ ਪੀੜਤ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦੇਵੇਗੀ। ਗਠਿਤ ਕਮੇਟੀ ਦੀ ਮਨਜ਼ੂਰੀ ਦੀ ਫਾਈਲ ਉਪ ਰਾਜਪਾਲ ਨੂੰ ਭੇਜੀ ਗਈ ਹੈ। ਉਪ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਇਹ ਕਮੇਟੀ ਆਪਣਾ ਕੰਮ ਸ਼ੁਰੂ ਕਰੇਗੀ। ਇਹ ਜਾਣਕਾਰੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਡਿਜੀਟਲ ਪ੍ਰੈੱਸ ਕਾਨਫਰੰਸ ਰਾਹੀਂ ਦਿੱਤੀ।
ਇਸ ਦੌਰਾਨ ਉਪ ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਦੀ ਦੂਸਰੀ ਲਹਿਰ ਦੌਰਾਨ ਜਦੋਂ ਦਿੱਲੀ ਨੂੰ ਆਕਸੀਜਨ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਹੀ ਸੀ ਤੇ ਇਸ ਦੌਰਾਨ ਕੁਝ ਲੋਕਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ। ਦਿੱਲੀ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ 4 ਮੈਂਬਰਾਂ ਦੀ ਟੀਮ ਬਣਾਈ ਹੈ।
ਉਨ੍ਹਾਂ ਦੱਸਿਆ ਕਿ ਡਾਕਟਰੀ ਮਾਹਰਾਂ ਦੀ ਇਹ ਟੀਮ ਹਫਤੇ ਵਿਚ ਦੋ ਵਾਰ ਆਕਸੀਜਨ ਦੀ ਘਾਟ ਕਾਰਨ ਮੌਤ ਦੇ ਹਰ ਦਾਅਵੇ ਦੀ ਜਾਂਚ ਕਰੇਗੀ। ਇਸ ਤੋਂ ਬਾਅਦ ਹਰੇਕ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਏਗੀ। ਉਪ ਮੁੱਖ ਮੰਤਰੀ ਨੇ ਸਾਂਝਾ ਕੀਤਾ ਕਿ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਮਨਜ਼ੂਰੀ ਫਾਈਲ ਉਪ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ। ਇਹ ਕਮੇਟੀ ਉਪ ਰਾਜਪਾਲ ਅਨਿਲ ਬੈਜਲ ਤੋਂ ਮਨਜ਼ੂਰੀ ਮਿਲਣ ਤੋਂ ਤੁਰੰਤ ਬਾਅਦ ਆਪਣਾ ਕੰਮ ਸ਼ੁਰੂ ਕਰੇਗੀ।
ਦਿੱਲੀ ਵਿੱਚ ਕਰੋਨਾ ਕਾਰਨ ਪੰਜਾਹ ਮੌਤਾਂ
ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਦਿੱਲੀ ’ਚ ਕੋਵਿਡ-19 ਦੇ 523 ਤਾਜ਼ਾ ਮਾਮਲੇ ਸਾਹਮਣੇ ਆਏ ਹਨ, ਜੋ ਵੀਰਵਾਰ ਦੇ 487 ਦੇ ਰਿਕਾਰਡ ਨਾਲੋਂ ਵੱਧ ਹਨ। ਸ਼ਹਿਰ ਵਿੱਚ ਬੀਤੇ 24 ਘੰਟਿਆਂ ਵਿੱਚ 50 ਲੋਕਾਂ ਦੀ ਮੌਤ ਹੋਈ, ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 24,497 ’ਤੇ ਪੁੱਜ ਗਿਆ ਹੈ। ਇਸ ਤੋਂ ਇਲਾਵਾ ਰਾਜਧਾਨੀ ਵਿੱਚ ਸਰਗਰਮ ਮਾਮਲੇ 8,060 ਹਨ ਜੋ ਕਿ 30 ਮਾਰਚ ਤੋਂ ਬਾਅਦ ਦੇ ਸਭ ਤੋਂ ਘੱਟ ਹਨ। ਇਨ੍ਹਾਂ ਸਰਗਰਮ ਮਾਮਲਿਆਂ ਵਿੱਚੋਂ 3,813 ਘਰਾਂ ਵਿੱਚ ਇਕਾਂਤਵਾਸ ਵਿੱਚ ਹਨ। ਪਿਛਲੇ 24 ਘੰਟਿਆਂ ਦੌਰਾਨ ਇੱਥੇ 1,161 ਲੋਕ ਠੀਕ ਵੀ ਹੋਏ, ਜਿਨ੍ਹਾਂ ਦਾ ਕੁਲ ਅੰਕੜਾ 13,95,892 ਸੀ। ਪਿਛਲੇ 24 ਘੰਟਿਆਂ ਵਿੱਚ 77,174 ਆਰਟੀ-ਪੀਸੀਆਰ ਟੈਸਟ ਕੀਤੇ ਗਏ ਜਦੋਂ ਕਿ ਠੀਕ ਹੋਣ ਦੀ ਦਰ 97.72 ਫ਼ੀਸਦ ‘ਤੇ ਪਹੁੰਚ ਗਈ, ਮੌਤ ਦਰ 1.71 ਫ਼ੀਸਦ ਸੀ। ਪਿਛਲੇ ਹਫ਼ਤੇ ਦਿੱਲੀ ਸਰਕਾਰ ਨੇ 7 ਜੂਨ ਤੱਕ ਤਾਲਾਬੰਦੀ ਵਧਾ ਦਿੱਤੀ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਮਾਮਲਿਆਂ ਦੀ ਘੱਟ ਗਿਣਤੀ ਦੇ ਬਾਵਜੂਦ ਰਾਸ਼ਟਰੀ ਰਾਜਧਾਨੀ ਨੂੰ ਅਨਲੌਕ ਦੀ ਹੌਲੀ ਹੌਲੀ ਪ੍ਰਕਿਰਿਆ ਹੋਵੇਗੀ।