ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਚਾਈਲਡ ਪੋਰਨੋਗ੍ਰਾਫੀ ਦੀ ਸ਼ਿਕਾਇਤ ਵਿੱਚ ਟਵਿੱਟਰ ਤੇ ਦਿੱਲੀ ਪੁਲੀਸ ਦੇ ਅਧਿਕਾਰੀਆਂ ਤੋਂ ਮਿਲੇ ਜਵਾਬ ਅਧੂਰੇ ਸਨ ਤੇ ਕਮਿਸ਼ਨ ਇਸ ਤੋਂ ਸੰਤੁਸ਼ਟ ਨਹੀਂ ਹੈ। ਕਮਿਸ਼ਨ ਨੇ ਕਿਹਾ ਕਿ ਟਵਿੱਟਰ ਤੇ ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀ 26 ਸਤੰਬਰ ਨੂੰ ਚੇਅਰਪਰਸਨ ਸਵਾਤੀ ਮਾਲੀਵਾਲ ਸਾਹਮਣੇ ਪੇਸ਼ ਹੋਏ। ਹਾਲਾਂਕਿ ਟਵਿੱਟਰ ਤੇ ਦਿੱਲੀ ਪੁਲੀਸ ਦੋਵਾਂ ਤੋਂ ਪ੍ਰਾਪਤ ਜਵਾਬ ਅਧੂਰਾ ਤੇ ਸੰਤੁਸ਼ਟੀਜਨਕ ਨਹੀਂ ਸੀ। ਕਮਿਸ਼ਨ ਨੇ ਇੱਕ ਵਾਰ ਫਿਰ ਉਨ੍ਹਾਂ ਨੂੰ ਢੁਕਵਾਂ ਜਵਾਬ ਦਾਇਰ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਮਾਲੀਵਾਲ ਨੇ 20 ਸਤੰਬਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ’ਤੇ ਚਾਈਲਡ ਪੋਰਨੋਗ੍ਰਾਫੀ ਤੇ ਔਰਤਾਂ ਅਤੇ ਬੱਚਿਆਂ ਦੇ ਬਲਾਤਕਾਰ ਦੀਆਂ ਵੀਡੀਓਜ਼ ਨੂੰ ਦਰਸਾਉਣ ਵਾਲੇ ਟਵੀਟਾਂ ਨੂੰ ਲੈ ਕੇ ਟਵਿੱਟਰ ਇੰਡੀਆ ਨੀਤੀ ਦੇ ਮੁਖੀ ਅਤੇ ਦਿੱਲੀ ਪੁਲੀਸ ਨੂੰ ਤਲਬ ਕੀਤਾ ਸੀ। ਟਵਿੱਟਰ ’ਤੇ ਬੱਚਿਆਂ ਨਾਲ ਜੁੜੇ ਜਿਨਸੀ ਹਰਕਤਾਂ ਦੀਆਂ ਖੁੱਲ੍ਹੇਆਮ ਵੀਡੀਓਜ਼ ਅਤੇ ਤਸਵੀਰਾਂ ਨੂੰ ਦਰਸਾਉਣ ਵਾਲੇ ਕਈ ਟਵੀਟਾਂ ਦਾ ਖੁਦ ਨੋਟਿਸ ਲੈਂਦਿਆਂ ਕਮਿਸ਼ਨ ਨੇ ਕਿਹਾ ਕਿ ਜ਼ਿਆਦਾਤਰ ਟਵੀਟਾਂ ਵਿੱਚ ਬੱਚਿਆਂ ਨੂੰ ਪੂਰੀ ਤਰ੍ਹਾਂ ਨਗਨ ਦਿਖਾਇਆ ਗਿਆ ਸੀ ਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਬੱਚਿਆਂ ਨਾਲ ਬੇਰਹਿਮੀ ਨਾਲ ਬਲਾਤਕਾਰ ਅਤੇ ਹੋਰ ਗੈਰ-ਸਹਿਮਤੀ ਨਾਲ ਜਿਨਸੀ ਗਤੀਵਿਧੀਆਂ ਨੂੰ ਵੀ ਦਰਸਾਇਆ ਗਿਆ ਸੀ। ਕਮਿਸ਼ਨ ਨੇ ਦਿੱਲੀ ਪੁਲੀਸ ਨੂੰ ਵੀ ਸੰਮਨ ਜਾਰੀ ਕਰਕੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।