ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਦਸੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਵਾਪਰੀ ਮੰਦਭਾਗੀ ਘਟਨਾ ਦੇ ਮੱਦੇਨਜ਼ਰ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਕੌਮੀ ਰਾਜਧਾਨੀ ਵਿੱਚ ਗੁਰਦੁਆਰਾ ਸਾਹਿਬ ਅੰਦਰ ਪੂਰੀ ਚੌਕਸੀ ਰੱਖੀ ਜਾਵੇ।
ਅੱਜ ਇੱਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿੱਚ ਭਾਈ ਨੰਦ ਲਾਲ ਗੋਇਆ ਜੀ ਦੇ ਨਾਂ ’ਤੇ ਬਣੇ ਲੰਗਰ ਹਾਲ ਦੇ ਉਦਘਾਟਨ ਮੌਕੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜੋ ਘਟਨਾ ਸ੍ਰੀ ਦਰਬਾਰ ਸਾਹਿਬ ਵਿੱਚ ਵਾਪਰੀ ਹੈ, ਉਹ ਬਹੁਤ ਹੀ ਮੰਦਭਾਗੀ ਹੈ ਜਿਸਦੀ ਜਿੱਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਉਹ ਗਿਆਨੀ ਬਲਜੀਤ ਸਿੰਘ ਦੇ ਅੱਗੇ ਨਤਮਸਤਕ ਹੁੰਦੇ ਹਨ ਜਿਹਨਾਂ ’ਤੇ ਗੁਰੂ ਰਾਮ ਦਾਸ ਜੀ ਨੇ ਕ੍ਰਿਪਾ ਕੀਤੀ ਤੇ ਉਹ ਬਿਨਾਂ ਵਿਚਲਤ ਹੋਏ ਨਿਰਵਿਘਨ ਰਹਿਰਾਸ ਸਾਹਿਬ ਦਾ ਪਾਠ ਕਰਦੇ ਰਹੇ ਅਤੇ ਮੌਕੇ ’ਤੇ ਹਾਜ਼ਰ ਸਿੰਘਾਂ ਨੇ ਉਸ ਵਿਅਕਤੀ ਨੂੰ ਕਾਬੂ ਕੀਤਾ। ਕਾਲਕਾ ਨੇ ਕਿਹਾ ਕਿ ਉਹ ਅਫਗਾਨਿਸਤਾਨ ਸਿੱਖ ਭਾਈਚਾਰੇ ਖਾਸ ਤੌਰ ’ਤੇ ਭਾਈ ਤੇਜਿੰਦਰ ਸਿੰਘ ਸੋਨੀ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਭਾਈ ਨੰਦ ਲਾਲ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਤੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਨ੍ਹਾਂ ਨੁੰ ਕਲਮ ਦੇ ਕੇ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਜੋ ਵੱਖੋ ਵੱਖ ਜ਼ਿੰਮੇਵਾਰੀਆਂ ਸੌਂਪੀਆਂ ਹਨ ਜੋ ਸਭ ਨੂੰ ਡਟ ਕੇ ਨਿਭਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਭਾਈ ਨੰਦ ਲਾਲ ਦੀ ਸੇਵਾ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਉਦੋਂ ਹੀ ਫੈਸਲਾ ਕੀਤਾ ਕਿ ਭਾਈ ਸਾਹਿਬ ਦੇ ਨਾਂ ’ਤੇ ਲੰਗਰ ਹਾਲ ਦੀ ਉਸਾਰੀ ਕੀਤੀ ਜਾਵੇਗੀ ਤੇ ਉਸਾਰੀ ਦੀ ਸੇਵਾ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਪੂਰਨ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਅਸਥਾਨ ’ਤੇ ਵੱਡੇ ਹਾਲ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਕੀਤਾ ਜਾਵੇਗਾ। ਸਰਦਾਰ ਕਾਲਕਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਦੋਂ ਵੀ ਪੰਜਾਬ ਵਿੱਚ ਚੋਣਾਂ ਨੇੜੇ ਆਉਂਦੀਆਂ ਹਨ, ਬੇਅਦਬੀ ਵਰਗੀਆਂ ਮੰਦਭਾਗੀਆਂ ਘਟਨਾਵਾਂ ਗੁਰੂ ਘਰਾਂ ਵਿੱਚ ਵਾਪਰਨ ਲੱਗ ਪੈਂਦੀਆਂ ਹਨ ਜਿਨ੍ਹਾਂ ਦਾ ਮਕਸਦ ਕੌਮ ਨੂੰ ਦੋਫਾੜ ਕਰਨਾ, ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ, ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਰਹਿਮਤ ਹੈ ਕਿ ਕੌਮ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੀ ਹੈ ਤੇ ਹਮੇਸ਼ਾ ਰਹੇਗੀ।