ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੁਲਾਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ, ਸੀਨੀਅਰ ਆਗੂਆਂ ਤੇ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਨਾਲ, ਦੱਖਣੀ ਦਿੱਲੀ ਦੇ ਛਤਰਪੁਰ, ਅੰਧੇਰੀਆ ਮੋੜ ਵਿੱਚ ਢਾਹੀ ਗਈ ਲਿਟਲ ਫਲਾਵਰ ਚਰਚ ਦਾ ਦੌਰਾ ਕਰਨ ਪਹੁੰਚੇ। ਉਨ੍ਹਾਂ ਢਾਹੀ ਗਈ ਚਰਚ ਵਾਲੀ ਥਾਂ ’ਤੇ ਮੋਮਬੱਤੀਆਂ ਜਗਾਈਆਂ ਤੇ ਚਰਚ ਦੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਉਸੇ ਜਗ੍ਹਾ ’ਤੇ ਚਰਚ ਨੂੰ ਦੁਬਾਰਾ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਕਾਂਗਰਸੀ ਵਰਕਰਾਂ ਨੇ ‘ਅਰਵਿੰਦ ਕੇਜਰੀਵਾਲ, ਆਰਐੱਸਐੱਸ ਦੀ ਕਠਪੁਤਲੀ ਨਾ ਬਣੋ’, ‘ਤੁਰੰਤ ਚਰਚ ਦੀ ਮੁੜ ਉਸਾਰੀ ਕਰੋ’ ਆਦਿ ਦੇ ਨਾਅਰਿਆਂ ਦੇ ਤਖ਼ਤੇ ਫੜੇ ਹੋਏ ਸਨ। ਪ੍ਰਧਾਨ ਨੇ ਕਿਹਾ ਕਿ ਉਹ ਪਹਿਲਾਂ ਹੀ ਉਸੇ ਜਗ੍ਹਾ ’ਤੇ ਮੁੱਖ ਮੰਤਰੀ ਅਰਵਿੰਦ ਨੂੰ ਚਰਚ ਨੂੰ ਦੁਬਾਰਾ ਬਣਾਉਣ ਲਈ ਇਕ ਪੱਤਰ ਲਿਖ ਚੁੱਕਾ ਹੈ ਕਿਉਂਕਿ ਉਹ ਇਸ ਤਰ੍ਹਾਂ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਭਾਜਪਾ ਸਰਕਾਰ ਅਧੀਨ ਦਿੱਲੀ ਵਿਕਾਸ ਅਥਾਰਿਟੀ ਨੇ ਫਿਰਕੂ ਭਾਵਨਾਵਾਂ ਭੜਕਾਉਣ ਲਈ ਚਰਚ ਨੂੰ ਢਾਹ ਦਿੱਤਾ, ਜਿਸ ਨੂੰ ਦਿੱਲੀ ਵਾਸੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਨੇ ਗਿਰਜਾਘਰ ਦੇ ਢਾਹੁਣ ਵਿਰੁੱਧ ਸਖ਼ਤ ਰੁਖ ਨਹੀਂ ਅਪਣਾਇਆ, ਹਾਲਾਂਕਿ ਉਹ ਆਪਣੇ ਆਪ ਨੂੰ ਆਮ ਲੋਕਾਂ ਦਾ ਵਕੀਲ ਦੱਸਦੇ ਹਨ ਤੇ ਆਪਣੀ ਪਾਰਟੀ ਵਿੱਚ ਸਾਰੇ ਧਾਰਮਿਕ ਵਿਸ਼ਵਾਸਾਂ ਨੂੰ ਸ਼ਾਮਲ ਕਰਦੇ ਹਨ।