ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੂਨ
ਕੌਮਾਂਤਰੀ ਓਲੰਪਿਕ ਦਿਵਸ 2021 ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਭਾਰਤ ਦੀ ਪਹਿਲੀ ਮਹਿਲਾ ਓਲੰਪਿਕ ਤਗ਼ਮਾ ਜੇਤੂ ਕਰਨਮ ਮਲੇਸ਼ਵਰੀ ਦਾ ਦਿੱਲੀ ਸਪੋਰਟਸ ਯੂਨੀਵਰਸਿਟੀ ਦੀ ਪਹਿਲੀ ਵਾਈਸ ਚਾਂਸਲਰ ਵਜੋਂ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ, ‘ਦਿੱਲੀ ਸਪੋਰਟਸ ਯੂਨੀਵਰਸਿਟੀ ਦੀ ਸ਼ੁਰੂਆਤ ਸਾਡੇ ਲਈ ਇਕ ਵੱਡੇ ਸੁਪਨੇ ਦੀ ਪੂਰਤੀ ਹੈ। ਮੈਨੂੰ ਇਹ ਦੱਸਦਿਆਂ ਬਹੁਤ ਮਾਣ ਹੈ ਕਿ ਓਲੰਪਿਕ ਤਗ਼ਮਾ ਜੇਤੂ ਕਰਨਮ ਮਲੇਸ਼ਵਰੀ ਦਿੱਲੀ ਸਪੋਰਟਸ ਯੂਨੀਵਰਸਿਟੀ ਦੀ ਪਹਿਲੀ ਉਪ ਕੁਲਪਤੀ ਹੋਵੇਗੀ। ਉਨ੍ਹਾਂ ਕਿਹਾ ਕਿ ਕਰਨਮ ਮਲੇਸ਼ਵਰੀ ਦੀ ਅਗਵਾਈ ਹੇਠ ਦਿੱਲੀ ਸਪੋਰਟਸ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਵਿਦਿਆਰਥੀ ਪੂਰੀ ਦੁਨੀਆੀ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨਗੇ।’ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਯੂਨੀਵਰਸਿਟੀ ਸਥਾਪਤ ਕਰਨ ਦਾ ਸਾਡਾ ਉਦੇਸ਼ ਦੇਸ਼ ਵਿੱਚ ਅਜਿਹੇ ਐਥਲੀਟ ਪੈਦਾ ਕਰਨਾ ਹੈ, ਜੋ ਸਾਡੇ ਦੇਸ਼ ਲਈ ਮਾਣ ਹਾਸਲ ਕਰਨ। ਅਸੀਂ ਇੱਕ ਅਜਿਹਾ ਮਾਹੌਲ ਬਣਾਉਣਾ ਚਾਹੁੰਦੇ ਹਾਂ ਜਿੱਥੇ ਖੇਡਾਂ ਪ੍ਰਫੁੱਲਤ ਹੋਣ ਤੇ ਸਾਡੇ ਖਿਡਾਰੀਆਂ ਨੂੰ ਇੱਕ ਅਜਿਹੇ ਪੱਧਰ ’ਤੇ ਲੈ ਜਾਣ ਜਿੱਥੇ ਉਹ ਹਰ ਓਲੰਪਿਕ ਵਿੱਚ ਭਾਰਤ ਲਈ ਘੱਟੋ ਘੱਟ 50 ਤਗ਼ਮੇ ਜਿੱਤ ਕੇ ਲਿਆਉਣ। ਉਨ੍ਹਾਂ ਕਿਹਾ ਕਿ ਖੇਡ ਯੂਨੀਵਰਸਿਟੀ ਬਣਾਉਣ ਦਾ ਉਦੇਸ਼ ਨਾ ਸਿਰਫ ਰੁਜ਼ਗਾਰ ਪੈਦਾ ਕਰਨਾ ਹੈ ਬਲਕਿ ਖਿਡਾਰੀਆਂ ਨੂੰ ਆਪਣੇ ਅਥਲੈਟਿਕ ਹੁਨਰ ਨੂੰ ਦਰਸਾਉਣ ਲਈ ਇੱਕ ਮੰਚ ਦੇਣਾ ਵੀ ਹੈ। ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀ ਨੂੰ ਦਿੱਤੀ ਗਈ ਡਿਗਰੀ ਮੁੱਖ ਧਾਰਾ ਦੇ ਕੋਰਸਾਂ ਵਿਚ ਪ੍ਰਾਪਤ ਕੀਤੀ ਡਿਗਰੀ ਦੇ ਬਰਾਬਰ ਹੋਵੇਗੀ।