ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਾਰਚ
ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲੰਘੀ ਰਾਤ ਗ੍ਰਿਫ਼ਤਾਰ ਕਰਨ ਮਗਰੋਂ ‘ਆਪ’ ਕਾਰਕੁਨਾਂ ਨੇ ਅੱਜ ਭਾਜਪਾ ਦੇ ਕੌਮੀ ਹੈੱਡਕੁਆਰਟਰ ਨੇੜੇ ਪ੍ਰਦਰਸ਼ਨ ਕੀਤਾ ਜਿਸ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਹੋਈਆਂ। ਪ੍ਰਦਰਸ਼ਨ ਦੌਰਾਨ ਪੁਲੀਸ ਨੇ ਦਿੱਲੀ ਦੇ ਦੋ ਮੰਤਰੀਆਂ ਸੌਰਭ ਭਾਰਦਵਾਜ ਅਤੇ ਆਤਿਸ਼ੀ ਸਿੰਘ ਨੂੰ ਹਿਰਾਸਤ ’ਚ ਲੈ ਲਿਆ। ਮੁਜ਼ਾਹਰੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੁੱਖ ਮੰਤਰੀ ਦੇ ਸਮਰਥਨ ’ਚ ਸੜਕਾਂ ’ਤੇ ਨਿੱਤਰ ਆਏ।
ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ ‘ਆਪ’ ਵਰਕਰਾਂ ਨੇ ਆਈਟੀਓ ਵਿਖੇ ਪ੍ਰਦਰਸ਼ਨ ਕੀਤਾ। ਇਸ ਘਟਨਾਕ੍ਰਮ ਦੌਰਾਨ ਦਿੱਲੀ ਪੁਲੀਸ ਨੇ ‘ਆਪ’ ਨੇਤਾ ਤੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਅਤੇ ਸਿੱਖਿਆ ਮੰਤਰੀ ਆਤਿਸ਼ੀ ਨੂੰ ਹਿਰਾਸਤ ਵਿੱਚ ਲਿਆ। ਪ੍ਰਦਰਸ਼ਨ ਦੌਰਾਨ ਦਿੱਲੀ ਪੁਲੀਸ ਵੱਲੋਂ ਔਰਤਾਂ ਨਾਲ ਕਥਿਤ ਧੱਕਾਮੁੱਕੀ ਕੀਤੀ ਗਈ ਤੇ ਕੈਬਨਿਟ ਮੰਤਰੀ ਆਤਿਸ਼ੀ ਵੀ ਇਸ ਦਾ ਸ਼ਿਕਾਰ ਹੋਈ। ਪ੍ਰਦਰਸ਼ਨ ਦੌਰਾਨ ਵਿਧਾਇਕ ਕੁਲਦੀਪ ਕੁਮਾਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੌਰਾਨ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣਾ ਪੂਰੀ ਗੁੰਡਾਗਰਦੀ ਹੈ। ਮੁੱਖ ਮੰਤਰੀ ਕੇਜਰੀਵਾਲ ਦੇ ਪਰਿਵਾਰ ਨੂੰ ‘ਹਾਊਸ ਅਰੈਸਟ’ ਕੀਤਾ ਗਿਆ ਹੈ ਤੇ ਕਿਸੇ ਨੂੰ ਵੀ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਸ਼ਾਂਤਮਈ ਪ੍ਰਦਰਸ਼ਨ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਜਿੱਤਣ ਲਈ ਗੁੰਡਾਗਰਦੀ ਕੀਤੀ ਗਈ ਹੈ। ਇਸ ਦੌਰਾਨ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਜਿਸ ਧਿਰ ਨੂੰ ‘ਸੁਪਾਰੀ ਪਾਰਟੀ’ ਕਿਹਾ ਜਾਂਦਾ ਸੀ ਉਸੇ ਪਾਰਟੀ ਦੇ ਮੁਖੀ ਤੋਂ ਡਰ ਕੇ ਮੋਦੀ ਸਰਕਾਰ ਧੱਕੇਸ਼ਾਹੀ ’ਤੇ ਉੱਤਰ ਆਈ ਹੈ। ਪ੍ਰਦਰਸ਼ਨ ਕਾਰਨ ਆਈਟੀਓ ਇਲਾਕੇ ਵਿੱਚ ਆਵਾਜਾਈ ਵੀ ਪ੍ਰਭਾਵਿਤ ਹੋਈ ਤੇ ਪੁਲੀਸ ਨੇ ਬੈਰੀਕੇਡ ਲਾ ਕੇ ਭੀੜ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕੀਤੀ। ਪ੍ਰਦਰਸ਼ਨ ਵਾਲੀ ਥਾਂ ’ਤੇ ਪੁਲੀਸ ਨਫਰੀ ਵਧਾਈ ਗਈ ਤੇ ਸੁਰੱਖਿਆ ਬੰਦੋਬਸਤ ਸਖ਼ਤ ਕੀਤੇ ਗਏ। ਭਾਜਪਾ ਦਾ ਹੈੱਡਕੁਆਰਟਰ ਵੀ ਡੀਡੀਯੂ ਮਾਰਗ ’ਤੇ ਨੇੜੇ ਹੀ ਸਥਿਤ ਹੈ। ‘ਆਪ’ ਵਰਕਰਾਂ ਦੇ ਪ੍ਰਦਰਸ਼ਨ ਦੌਰਾਨ ਡੀਸੀਪੀ ਕੇਂਦਰੀ ਐੱਮ. ਹਰਸ਼ਵਰਧਨ ਨੇ ਕਿਹਾ, ‘‘ਅਸੀਂ ਵਿਸ਼ੇਸ਼ ਤੌਰ ’ਤੇ ਅਦਾਲਤ ਦੇ ਆਲੇ ਦੁਆਲੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਸੁਰੱਖਿਆ ਵਧਾਈ ਹੈ। ਡੀਡੀ ਮਾਰਗ ’ਤੇ ਧਾਰਾ 144 ਲਾਈ ਗਈ ਹੈ ਕਿਉਂਕਿ ਇਹ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਨਹੀਂ ਹੈ।