ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਨਵੰਬਰ
ਦਿੱਲੀ ਪੁਲੀਸ ਨੇ ਟਰੈਫਿਕ ਪੁਲੀਸ ਦੇ ਦੋ ਮੁਲਾਜ਼ਮਾਂ ਨੂੰ ਕਾਰ ਨਾਲ ਘਸੀਟਣ ਦੇ ਦੋਸ਼ ਹੇਠ ਦੋ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਸ਼ਾਮ ਵੇਦਾਂਤ ਦੇਸ਼ਿਕਾ ਮਾਰਗ ਨੇੜੇ ਬੇਰ ਸਰਾਏ ਟਰੈਫਿਕ ਸਿਗਨਲ ’ਤੇ ਵਾਪਰੀ। ਪੁਲੀਸ ਅਨੁਸਾਰ ਜਾਨ ਲੈਣ ਦੇ ਇਰਾਦੇ ਨਾਲ ਲਗਪਗ 20 ਮੀਟਰ ਤੱਕ ਬੋਨਟ ’ਤੇ ਘਸੀਟੇ ਜਾਣ ਤੋਂ ਬਾਅਦ ਟਰੈਫਿਕ ਪੁਲੀਸ ਮੁਲਜ਼ਮਾਂ ਨੂੰ ਸੱਟਾਂ ਲੱਗੀਆਂ ਹਨ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਘਟਨਾ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਨੇ ਦੋ ਨਾਬਾਲਗਾਂ ਨੂੰ ਫੜ ਲਿਆ ਅਤੇ ਅੱਗੇ ਦੀ ਜਾਂਚ ਸ਼ੁਰੂ ਕੀਤੀ। ਸਹਾਇਕ ਸਬ-ਇੰਸਪੈਕਟਰ ਪ੍ਰਮੋਦ ਅਤੇ ਹੈੱਡ ਕਾਂਸਟੇਬਲ ਸੈਲੇਸ਼ ਦੇ ਬਿਆਨਾਂ ਦੇ ਅਨੁਸਾਰ ਉਹ ਟਰੈਫਿਕ ਨਿਯਮਾਂ ਦੀ ਉਲੰਘਣਾ ਲਈ ਨਿਯਮਤ ਤੌਰ ’ਤੇ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਜਦੋਂ ਪੁਲੀਸ ਨੇ ਕਾਰ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਪਹਿਲਾਂ ਕਾਰ ਰੋਕ ਲਈ ਤੇ ਬਾਅਦ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਰੋਕਣ ’ਤੇ ਉਨ੍ਹਾਂ ਨੂੰ ਮੁਲਜ਼ਮਾਂ ਨੇ 20 ਮੀਟਰ ਤੱਕ ਘਸੀਟਿਆ। ਪੁਲੀਸ ਮੁਲਾਜ਼ਮਾਂ ਨੂੰ ਕਾਰ ਨਾਲ ਘਸੀਟਣ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਹਨ, ਜਿਸ ਵਿੱਚ ਪੁਲੀਸ ਮੁਲਾਜ਼ਮਾਂ ਕਾਰ ਘਸੀਟਿਆ ਜਾ ਰਿਹਾ ਹੈ। ਉਨ੍ਹਾਂ ਵਿੱਚੋਂ ਇੱਕ ਦੇ ਜ਼ਮੀਨ ’ਤੇ ਡਿੱਗਣ ਤੋਂ ਬਾਅਦ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।