ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੂਨ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇੱਕ ਸਹਾਇਕ ਪ੍ਰੋਫੈਸਰ ਨੂੰ ਸੜਕ ਉਪਰ ਇੱਕ ਤਕਰਾਰ ਮਗਰੋਂ ਕੁੱਝ ਸਮੇਂ ਲਈ ਬੰਧਕ ਬਣਾ ਕੇ ਕਥਿਤ ਕੁੱਟਮਾਰ ਕੀਤੀ ਗਈ ਤੇ ਧਮਕੀਆਂ ਦਿੱਤੀਆਂ ਗਈਆਂ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ ਨੇ ਇਸ ਮਾਮਲੇ ਵਿੱਚ ਦਿੱਲੀ ਪੁਲੀਸ ਤੋਂ ਮੁਲਜ਼ਮਾਂ ਖ਼ਿਲਾਫ਼ ਤੁਰੰਤ ਤੇ ਢੁੱਕਵੀਂ ਕਾਰਵਾਈ ਦੀ ਮੰਗ ਕੀਤੀ ਹੈ। ਜੇਐੱਨਯੂਟੀਏ ਨੇ ਕਿਹਾ ਕਿ ਆਪਣੀ ਕਾਰ ਵਿੱਚ ਇਕੱਲੇ ਸਫ਼ਰ ਕਰ ਪ੍ਰੋਫੈਸਰ ਬਾਵਿਸਕਰ ਨੂੰ ਲੋਕਾਂ ਨੇ ਘੇਰ ਲਿਆ ਜਦੋਂ ਕਿ ਉਸ ਨੇ ਮਾਮਲਾ ਥਾਣੇ ਲੈ ਜਾਣ ਦਾ ਤਰਕ ਵੀ ਦਿੱਤਾ ਸੀ। ਫਿਰ ਦੂਜੀ ਧਿਰ ਪ੍ਰੋਫੈਸਰ ਨੂੰ ਇੱਕ ਘਰ ਲੈ ਗਈ ਜਿੱਥੇ ਉਸ ਨੂੰ 3 ਘੰਟੇ ਬੰਦ ਰੱਖਿਆ ਗਿਆ ਤੇ ਨਾਲ ਕਥਿਤ ਕੁੱਟਮਾਰ ਕੀਤੀ ਅਤੇ ਉਸ ਕੋਲ ਪੈਸੇ ਵਸੂਲੇ ਗਏ। ਜੇਐੱਨਯੂ ਟੀਚਰਜ਼ ਐਸੋਸੀਏਸ਼ਨ (ਜੇਐੱਨਯੂਟੀਏ) ਨੇ ਕਿਹਾ ਕਿ ਸ਼ਰਦ ਬਾਵਿਸਕਰ ਨੇ 18 ਜੂਨ ਨੂੰ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ ਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ। ਜੇਐੱਨਯੂਟੀਏ ਨੇ ਦੋਸ਼ ਲਾਇਆ ਕਿ ਪ੍ਰੋਫੈਸਰ ਨੂੰ 17-18 ਜੂਨ 2022 ਦੀ ਰਾਤ ਨੂੰ ਹਿੰਸਕ ਹਮਲਾ ਕੀਤਾ ਗਿਆ। ਇਹ ਘਟਨਾ ਕਥਿਤ ਤੌਰ ’ਤੇ ਇੱਕ ਸੜਕ ਆਵਾਜਾਈ ਤਕਰਾਰ ਤੋਂ ਪੈਦਾ ਹੋਈ ਸੀ। ਜੇਐਨਯੂਟੀਏ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਦਿੱਲੀ ਪੁਲੀਸ ਦੋਸ਼ੀਆਂ ਨੂੰ ਜਲਦੀ ਫੜੇਗੀ।