ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਨਵੰਬਰ
ਕੌਮੀ ਰਾਜਧਾਨੀ ਵਿੱਚ ਇੱਕ ਪਾਸੇ ਕਰੋਨਾ ਦਾ ਕਹਿਰ ਜਾਰੀ ਹੈ ਤੇ ਦੂਜੇ ਪਾਸੇ ਇੱਥੋਂ ਜਾ ਰਹੇ ਆਮ ਲੋਕਾਂ ਲਈ ਆਵਾਜਾਈ ਦੇ ਸਾਧਨ ਬਹੁਤਾ ਕਰਕੇ ਨਿਜੀ ਬੱਸਾਂ ਹਨ ਜਿਨ੍ਹਾਂ ਵਿੱਚ ਸਵਾਰੀਆਂ ਤੂੜ ਕੇ ਭਰੀਆਂ ਜਾਂਦੀਆਂ ਹਨ। ਇਸ ਤਰ੍ਹਾਂ ਇਹ ਯਾਤਰੀ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਮੰਜ਼ਿਲਾਂ ਵੱਲੋ ਤੁਰਦੇ ਹਨ।
ਦਿੱਲੀ ਦੇ ਸਰਾਏ ਕਾਲੇ ਖਾਂ, ਆਈਐੱਸਬੀਟੀ ਤੋਂ ਕੁੱਝ ਦੂਰ ਤੀਸ ਹਜ਼ਾਰੀ ਵੱਲ ਤੇ ਆਨੰਦ ਵਿਹਾਰ ਬੱਸ ਅੱਡੇ ਨੇੜੇ ਅਜਿਹੇ ਦ੍ਰਿਸ਼ ਆਮ ਦੇਖੇ ਜਾ ਸਕਦੇ ਹਨ ਜਿੱਥੇ ਸਥਾਨਕ ਪੁਲੀਸ ਤੇ ਟਰਾਂਸਪੋਰਟ ਮਹਿਕਮੇ ਦੀ ਨੱਕ ਹੇਠਾਂ ਨਿਜੀ ਬੱਸਾਂ ਵਿੱਚ ਸਵਾਰੀਆਂ ਦੇ ਚੜ੍ਹਨ ਸਮੇਂ ਸਮਾਜਿਕ ਦੂਰੀਆਂ ਦੇ ਨੇਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਇਹ ਨਿਜੀ ਬੱਸਾਂ ਸਰਕਾਰੀ ਬੱਸ ਸੇਵਾਵਾਂ ਦੀ ਕਮੀ ਕਾਰਨ ਸਵਾਰੀਆਂ ਦਾ ਆਰਥਿਕ ਸੋਸ਼ਣ ਵੀ ਕਰਦੀਆਂ ਹਨ। ਅੰਤਰਰਾਜੀ ਬੱਸ ਸੇਵਾਵਾਂ ਵਿੱਚ ਭਾਰੀ ਕਮੀ ਕਰਕੇ ਨਿਜੀ ਅਪਰੇਟਰਾਂ ਵੱਲੋਂ ਬੱਸਾਂ ਵੱਖ-ਵੱਖ ਰਾਜਾਂ ਲਈ ਦਿੱਲੀ ਤੋਂ ਚੁੱਪ-ਚਾਪ ਚਲਾਈਆਂ ਜਾ ਰਹੀਆਂ ਹਨ ਪਰ ਉਹ ਕੋਵਿਡ-19 ਮਹਾਂਮਾਰੀ ਐਕਟ ਦੇ ਨੇਮਾਂ ਤੇ ਕੇਂਦਰ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਕਰਦੇ ਦੇਖੇ ਜਾ ਸਕਦੇ ਹਨ। ਸਰਾਏ ਕਾਲੇ ਖ਼ਾਂ ਬੱਸੇ ਦੇ ਸਾਹਮਣੇ ਰਿੰਗ ਰੋਡ ‘ਤੇ ਪਾਰਕ ਦੇ ਨੇੜੇ ਅਜਿਹੀਆਂ ਬੱਸਾਂ ਭਰੀਆਂ ਜਾਂਦੀਆਂ ਤੇ ਖੜ੍ਹੀਆਂ ਕਦੇ ਵੀ ਦੇਖੀਆਂ ਜਾ ਸਕਦੀਆਂ ਹਨ ਜੋ ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਲਈ ਜਾਣ ਲਈ ਤਿਆਰ ਹੋ ਰਹੀਆਂ ਹੁੰਦੀਆਂ ਹਨ।