ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ, 13 ਜੂਨ
ਦਿੱਲੀ ਵਿੱਚ ਜਾਰੀ ਪਾਣੀ ਤੇ ਬਿਜਲੀ ਸੰਕਟ ਵਿਚਾਲੇ ਮੰਤਰੀ ਆਤਿਸ਼ੀ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਤਿਹਾੜ ਜੇਲ੍ਹ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਸਮੱਸਿਆ ਦਾ ਨਿਪਟਾਰਾ ਕਰਨ ਲਈ ਜਲਦੀ ਤੋਂ ਜਲਦੀ ਕਦਮ ਉਠਾਉਣ ਦਾ ਨਿਰਦੇਸ਼ ਦਿੱਤਾ ਹੈ।
‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਤਿਹਾੜ ਜੇਲ੍ਹ ’ਚ ਬੰਦ ਹਨ। ਆਤਿਸ਼ੀ ਨੇ ਤਿਹਾੜ ਜੇਲ੍ਹ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਉਨ੍ਹਾਂ (ਕੇਜਰੀਵਾਲ) ਨੇ ਬਿਜਲੀ ਅਤੇ ਪਾਣੀ ਨਾਲ ਸਬੰਧਤ ਮੁੱਦਿਆਂ ਬਾਰੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਤਿਹਾੜ ਜੇਲ੍ਹ ਵਿੱਚ ਟੈਲੀਵਿਜ਼ਨ ’ਤੇ ਦਿੱਲੀ ਵਿੱਚ ਪਾਣੀ ਦੇ ਸੰਕਟ ਦੀ ਖ਼ਬਰ ਦੇਖੀ ਸੀ।’’ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਣੀ ਦੇ ਸੰਕਟ ਤੋਂ ਨਿਪਟਣ ਵਾਸਤੇ ਜਲਦੀ ਤੋਂ ਜਲਦੀ ਸਾਰੇ ਲੋੜੀਂਦੇ ਕਦਮ ਉਠਾਉਣ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ, ‘‘ਕੇਜਰੀਵਾਲ ਨੇ ‘ਆਪ’ ਦੇ ਸਾਰੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਲੋਕਾਂ ਵਿਚਾਲੇ ਜਾਣ ਅਤੇ ਆਪੋ ਆਪਣੇ ਹਲਕਿਆਂ ਵਿੱਚ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਹਰ ਸੰਭਵ ਕਦਮ ਉਠਾਉਣ।’’
ਆਤਿਸ਼ੀ ਨੇ ਅੱਗੇ ਕਿਹਾ ਕਿ ਕੇਜਰੀਵਾਲ ਨੇ ਦੋ ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਅੱਗ ਲੱਗਣ ਦੀ ਘਟਨਾ ਕਰ ਕੇ ਦਿੱਲੀ ਵਿੱਚ ਹੋਈ ਬਿਜਲੀ ਦੀ ਕਟੌਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ, ‘‘ਕੇਜਰੀਵਾਲ ਨੇ ਸਾਨੂੰ ਭਵਿੱਖ ਵਿੱਚ ਬਿਜਲੀ ਸੰਕਟ ਨੂੰ ਰੋਕਣ ਵਾਸਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਨੂੰ ਵੀ ਕਿਹਾ ਹੈ।’’
ਸਿੱਖਿਆ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਜੇਲ੍ਹ ਵਿੱਚ ਰਹਿ ਕੇ ਵੀ ਸਿਰਫ਼ ਦਿੱਲੀ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਸੋਚਦੇ ਹਨ। ਤਿਹਾੜ ਜੇਲ੍ਹ ਦੇ ਸੂਤਰਾਂ ਮੁਤਾਬਕ ਆਤਿਸ਼ੀ ਤੇ ਚੱਢਾ ਦੋਹਾਂ ਨੇ ਕੇਜਰੀਵਾਲ ਨਾਲ ਅੱਧਾ ਘੰਟਾ ਮੁਲਾਕਾਤ ਕੀਤੀ।