ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੁਲਾਈ
ਦਿੱਲੀ ਦੀ ਮਾਲ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਪੱਤਰ ਲਿਖ ਕੇ ਕੌਮੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਮਦਦ ਕਰਨ ਲਈ ਕਿਹਾ ਹੈ। ਮੰਤਰੀ ਨੇ ਮੁੱਖ ਸਕੱਤਰ ਨੂੰ ਸਾਰੇ ਰਾਹਤ ਕੈਂਪਾਂ ਵਿੱਚ ਪਖਾਨੇ, ਬਿਜਲੀ ਅਤੇ ਭੋਜਨ ਦੀ ਗੁਣਵੱਤਾ ਵਰਗੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਦੇ ਨਾਲ-ਨਾਲ ਪਾਣੀ ਦੀ ਕਮੀ ਨੂੰ ਤੁਰੰਤ ਦੂਰ ਕਰਨ ਲਈ ਕਿਹਾ ਹੈ। ਆਤਿਸ਼ੀ ਨੇ ਮੁੱਖ ਸਕੱਤਰ ਨੂੰ ਜਾਣੂ ਕਰਵਾਇਆ ਕਿ ਅਜਿਹੇ ਸੰਕਟ ਵਿੱਚ ਅਧਿਕਾਰੀ ਤੇ ਕਰਮਚਾਰੀ ਢਿੱਲ ਤੇ ਅਵੇਸਲਾਪਣ ਦਿਖਾਉਂਦੇ ਹਨ, ਜਿਸ ਕਾਰਨ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਆਪਣੀ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਸਵੇਰੇ ਤੋਂ ਡਿਵੀਜ਼ਨਲ ਕਮਿਸ਼ਨਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਉਨ੍ਹਾਂ ਦੇ ਫੋਨ ਕਾਲ ਦਾ ਜਵਾਬ ਨਹੀਂ ਦੇ ਰਹੇ। ਮੰਤਰੀ ਨੇ ਪੱਤਰ ਵਿੱਚ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਰਹਿ ਰਹੇ ਲੋਕ ਸਾਡੀ ਜ਼ਿੰਮੇਵਾਰੀ ਹਨ, ਉਨ੍ਹਾਂ ਨੂੰ ਤੁਰੰਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਇਸੇ ਦੌਰਾਨ ਉਨ੍ਹਾਂ ਵਿਕਾਸ ਮਾਰਗ ਕੋਲ ਯਮੁਨਾ ਦੇ ਰੈਗੂਲੇਟਰ ਦਾ ਦੌਰਾ ਕੀਤਾ। ਇਸ ਰੈਗੂਲੇਟਰ ਨੂੰ ਫ਼ੌਜ ਦੀ ਮਦਦ ਨਾਲ ਰਾਤ ਸਮੇਂ ਮੁਰੰੰਮਤ ਕੀਤਾ ਗਿਆ ਸੀ। ਇਸੇ ਰੈਗੂਲੇਟਰ ਦੇ ਬੰਦ ਹੋਣ ਕਰ ਕੇ ਹੀ ਆਈਟੀਓ, ਸੁਪਰੀਮ ਕੋਰਟ ਕੋਲ ਪਾਣੀ ਪਹੁੰਚਿਆ ਸੀ।