ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜਨਵਰੀ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਸਿਆ ਹੈ ਕਿ ਚੀਨੀ ਖੁਫੀਆ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਜਾਣਕਾਰੀਆਂ ਦੀ ਕਥਿਤ ਲੀਕ ਨਾਲ ਜੁੜੀ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ ਦਿੱਲੀ ਸਥਿਤ ਇੱਕ ਪੱਤਰਕਾਰ ਦੀ 48.21 ਲੱਖ ਰੁਪਏ ਦੀ ਰਿਹਾਇਸ਼ੀ ਜਾਇਦਾਦ ਕੁਰਕ ਕਰ ਲਈ ਹੈ। ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੌਮੀ ਰਾਜਧਾਨੀ ਦੇ ਪੀਤਮਪੁਰਾ ਖੇਤਰ ਵਿੱਚ ਫ੍ਰੀਲਾਂਸ ਪੱਤਰਕਾਰ ਰਾਜੀਵ ਸ਼ਰਮਾ ਦੀ ਜਾਇਦਾਦ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੇ ਤਹਿਤ ਇੱਕ ਆਰਜ਼ੀ ਹੁਕਮ ਜਾਰੀ ਕੀਤਾ ਗਿਆ। ਰਾਜੀਵ ਸ਼ਰਮਾ ਨੂੰ ਏਜੰਸੀ ਨੇ ਪਿਛਲੇ ਸਾਲ ਜੁਲਾਈ ਵਿਚ ਗ੍ਰਿਫਤਾਰ ਕੀਤਾ ਸੀ। ਉਸ ਨੂੰ ਪਿਛਲੇ ਹਫਤੇ ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਸੀ। ਏਜੰਸੀ ਨੇ ਕਿਹਾ ਕਿ ਉਸਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਸ਼ਰਮਾ ਨੇ ਚੀਨੀ ਖੁਫੀਆ ਅਧਿਕਾਰੀਆਂ ਨੂੰ ਗੁਪਤ ਤੇ ਸੰਵੇਦਨਸ਼ੀਲ ਜਾਣਕਾਰੀ ਦਿੱਤੀ ਸੀ, ਜਿਸ ਨਾਲ ਮਿਹਨਤਾਨੇ ਦੇ ਬਦਲੇ ਵਿੱਚ ਦੇਸ਼ ਦੀ ਸੁਰੱਖਿਆ ਤੇ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਕੀਤਾ ਗਿਆ ਸੀ।
ਰਾਜੀਵ ਸ਼ਰਮਾ ਨੂੰ ਅਜਿਹਾ ਮਿਹਨਤਾਨਾ ਮਹੀਪਾਲਪੁਰ ਸਥਿਤ ਇੱਕ ਜਾਅਲੀ ਕੰਪਨੀ ਰਾਹੀਂ ਦਿੱਤਾ ਜਾ ਰਿਹਾ ਸੀ, ਜਿਸ ਨੂੰ ਨੇਪਾਲੀ ਨਾਗਰਿਕ ਸ਼ੇਰ ਸਿੰਘ ਉਰਫ ਰਾਜ ਬੋਹਾਰਾ ਦੇ ਨਾਲ ਚੀਨੀ ਨਾਗਰਿਕ ਝਾਂਗ ਚੇਂਗ ਉਰਫ ਸੂਰਜ, ਝਾਂਗ ਲਿਕਸੀਆ ਉਰਫ ਊਸ਼ਾ ਤੇ ਕਿੰਗ ਸ਼ੀ ਵੱਲੋਂ ਚਲਾਇਆ ਜਾਂਦਾ ਸੀ। ਈਡੀ ਨੇ ਬਿਆਨ ਵਿੱਚ ਕਿਹਾ ਕਿ ਇਹ ਚੀਨੀ ਕੰਪਨੀ ਰਾਜੀਵ ਸ਼ਰਮਾ ਵਰਗੇ ਵਿਅਕਤੀਆਂ ਨੂੰ ਮਿਹਨਤਾਨਾ ਦੇਣ ਲਈ ਚੀਨੀ ਖੁਫੀਆ ਏਜੰਸੀਆਂ ਲਈ ਇੱਕ ਸਾਧਨ ਵਜੋਂ ਕੰਮ ਕਰ ਰਹੀ ਸੀ। ਦਾਅਵਾ ਕੀਤਾ ਗਿਆ ਹੈ ਕਿ ਮਿਹਨਤਾਨੇ ਦਾ ਭੁਗਤਾਨ ਕਰੀਅਰਾਂ ਦੇ ਨਾਲ-ਨਾਲ ਨਕਦ ਰਕਮਾਂ ਰਾਹੀਂ ਕੀਤਾ ਜਾ ਰਿਹਾ ਸੀ।