ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜਨਵਰੀ
ਨਵੀਂ ਦਿੱਲੀ ਨਗਰ ਪਰਿਸ਼ਦ (ਐੱਨਡੀਐੱਮਸੀ) ਇਲਾਕੇ ਵਿੱਚ ਉੱਚ ਸੁਰੱਖਿਆ ਵਾਲੇ ਇਲਾਕੇ ਦੀ ਔਰੰਗਜ਼ੇਬ ਮਾਰਗ ਨੂੰ ਦਰਸਾਉਂਦੇ ਬੋਰਡ ਉਪਰ ਕੁਝ ਲੋਕਾਂ ਨੇ ਕਾਲਖ਼ ਮਲ ਦਿੱਤੀ ਕਿਉਂਕਿ ਉਹ ਇਸ ਮਾਰਗ ਦਾ ਨਾਂ ਵੀ ਗੁਰੂ ਤੇਗ ਬਹਾਦਰ ਲੇਨ ਰੱਖਣ ਦੀ ਮੰਗ ਕਰ ਰਹੇ ਸਨ। ਦਿੱਲੀ ਪੁਲੀਸ ਵੱਲੋਂ ਇਸ ਬੋਰਡ ਉਪਰ ਕਾਲਫ਼ ਮਲਣ ਵਾਲੇ ਘੱਟੋ-ਘੱਟ 11 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੂੰ ਸਵੇਰੇ ਪੌਣੇ ਛੇ ਵਜੇ ਦੇ ਕਰੀਬ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਤੁਗ਼ਲਕ ਰੋਡ ਉਪਰ ਸਥਿਤ ਔਰੰਗਜ਼ੇਬ ਰਸਤੇ ਦੇ ਇਕ ਬੋਰਡ ਕੋਲ ਇਕੱਠੇ ਹੋਏ ਹਨ। ਉੱਥੇ ਜਾ ਕੇ ਦੇਖਿਆ ਗਿਆ ਕਿ ਉਨ੍ਹਾਂ ਔਰੰਗਜ਼ੇਬ ਰਸਤੇ ਨੂੰ ਦਰਸਾਉਂਦਾ ਐੱਨਡੀਐੱਮਸੀ ਵੱਲੋਂ ਲਾਇਆ ਹੋਇਆ ਬੋਰਡ ਦਾ ਕੁੱਝ ਹਿੱਸਾ ਕਾਲੇ ਰੰਗ ਨਾਲ ਪੋਤ ਦਿੱਤਾ। ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਔਰੰਗਜ਼ੇਬ ਰੋਡ ਦਾ ਨਾਂ ਬਦਲਣ ਦੀ ਮੰਗ ਵੀ ਉੱਠੀ ਸੀ ਤੇ ਇਹ ਨਾਂ 2017 ਵਿੱਚ ਮਰਹੂਮ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਦੇ ਨਾਂ ਉਪਰ ਐੱਨਡੀਐੱਮਸੀ ਵੱਲੋਂ ਰੱਖ ਦਿੱਤਾ ਗਿਆ ਸੀ।