ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਅਪਰੈਲ
ਆਟੋ ਰਿਕਸ਼ਾ ਤੇ ਟੈਕਸੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਨੇ ਮੰਗਲਵਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਖ਼ਿਲਾਫ਼ ਆਪਣੀ ਹੜਤਾਲ ਖਤਮ ਕਰ ਦਿੱਤੀ। ਹਾਲਾਂਕਿ ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਗਲੇ 25 ਦਿਨਾਂ ਵਿੱਚ ਆਟੋ, ਟੈਕਸੀ ਡਰਾਈਵਰਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਦਿੱਲੀ ਦੀ ਖੁਰਾਕ ਸਪਲਾਈ ਲੜੀ ਨੂੰ ਕੱਟ ਦੇਣਗੇ। ਆਟੋਰਿਕਸ਼ਾ ਅਤੇ ਪੀਲੀ-ਕਾਲੀ ਟੈਕਸੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਨੇ ਮੰਗਲਵਾਰ ਤੋਂ ਕੰਮ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦੇਣ ਲਈ ਇੱਕ ਦਿਨ ਦਾ ਪ੍ਰਤੀਕ ਪ੍ਰਦਰਸ਼ਨ ਕੀਤਾ ਹੈ ਕਿ ਜੇਕਰ ਅਗਲੇ 25 ਦਿਨਾਂ ਵਿੱਚ ਕੋਈ ਕਾਰਵਾਈ ਨਾ ਕੀਤੀ ਗਈ ਤਾਂ 25 ਦਿਨਾਂ ਬਾਅਦ ਟੈਂਪੋ, ਟਰੱਕਾਂ ਸਮੇਤ ਦਿੱਲੀ ਦੀ ਕੁੱਲ ਫੂਡ ਚੇਨ ਬੰਦ ਕਰ ਦੇਣਗੇ ਚਾਹੇ ਦੁੱਧ, ਚਾਹੇ ਸਬਜ਼ੀਆਂ ਕਿਉਂ ਨਾ ਹੋਣ। ਰਾਜਧਾਨੀ ਪਰਿਵਹਨ ਪੰਚਾਇਤ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਅੱਜ ਇੱਥੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਦਿੱਲੀ ਵਿੱਚ ਕੋਈ ਵੀ ਜ਼ਰੂਰੀ ਵਸਤੂ ਨਹੀਂ ਆਵੇਗੀ ਅਤੇ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡਾ ਕੱਲ੍ਹ ਪ੍ਰਤੀਕਾਤਮਕ ਵਿਰੋਧ ਹੋਇਆ ਸੀ। ਅਸੀਂ ਤੇਲ ਦੀਆਂ ਕੀਮਤਾਂ ਵਿੱਚ ਵਾਧੇ ’ਤੇ ਕੇਂਦਰ ਸਰਕਾਰ ਨੂੰ ਸੰਦੇਸ਼ ਦੇਣਾ ਚਾਹੁੰਦੇ ਸੀ। ਕੋਵਿਡ ਮਹਾਂਮਾਰੀ ਤੋਂ ਬਾਅਦ ਇੰਨੇ ਲੰਬੇ ਸਮੇਂ ਬਾਅਦ ਸਾਡਾ ਕੰਮ ਸ਼ੁਰੂ ਹੋਇਆ ਹੈ। ਚੋਣਾਂ ਦੌਰਾਨ ਉਨ੍ਹਾਂ ਨੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਸੀ ਪਰ ਹੁਣ ਅਚਾਨਕ ਕੀਮਤਾਂ ਵਧ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਤਿੰਨ ਸੰਸਦ ਮੈਂਬਰਾਂ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਉਹ ਸਾਡੀ ਮਦਦ ਨਹੀਂ ਕਰ ਸਕਦੇ। ਅਸੀਂ ਹਰਦੀਪ ਸਿੰਘ ਪੁਰੀ ਨੂੰ ਟਵੀਟ ਕੀਤਾ ਤੇ ਉਨ੍ਹਾਂ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਸਾਡਾ ਦੂਜਾ ਮੁੱਦਾ ਓਲਾ ਅਤੇ ਉਬੇਰ ਸੀ। ਪਿਛਲੇ 5 ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕੀਤੀ ਅਤੇ ਨਿਤਿਨ ਗਡਕਰੀ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਹਨ, ਜਿਨ੍ਹਾਂ ਨੂੰ ਸਾਡਾ ਪੱਤਰ ਮਿਲਿਆ ਹੈ ਤੇ ਕੁਝ ਨਹੀਂ ਕੀਤਾ। ਦਿੱਲੀ ਐੱਨਸੀਆਰ ਜਾਂ ਕਿਤੇ ਵੀ ਓਲਾ, ਉਬੇਰ ’ਤੇ ਕੋਈ ਪਾਬੰਦੀਆਂ ਨਹੀਂ ਹਨ। ਇਸ ਕਰਕੇ ਜੋ ਲੋਕ ਚੰਗੇ ਸੈਕਟਰਾਂ ਵਿੱਚ ਕੰਮ ਕਰਦੇ ਸਨ ਜਾਂ ਐਮਬੀਏ ਕਰ ਚੁੱਕੇ ਹਨ, ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਉਬੇਰ, ਓਲਾ ਵਿੱਚ ਸ਼ਾਮਲ ਹੋ ਗਏ। ਰਾਜਧਾਨੀ ਪਰਿਵਹਨ ਪੰਚਾਇਤ ਦੇ ਪ੍ਰਧਾਨ ਨੇ ਕਿਹਾ ਕਿ ਪਹਿਲਾਂ 6 ਮਹੀਨੇ ਉਨ੍ਹਾਂ ਨੇ ਇਸ ਨੂੰ ਪੂਰਾ ਸਹਿਯੋਗ ਕੀਤਾ ਪਰ ਬਾਅਦ ਵਿੱਚ ਉਨ੍ਹਾਂ ਨੇ ਬੰਦ ਕਰ ਦਿੱਤਾ। ਕੇਂਦਰ ਸਰਕਾਰ ਤੋਂ ਸਾਡੀ ਬੇਨਤੀ ਹੈ ਕਿ ਤੇਲ ਦੀਆਂ ਕੀਮਤਾਂ ’ਤੇ ਸਬਸਿਡੀ ਦਿੱਤੀ ਜਾਵੇ। ਸਬਸਿਡੀ ਵਾਲੀਆਂ ਕੀਮਤਾਂ ’ਤੇ ਤੇਲ ਲੈਣ ਲਈ ਸਰਕਾਰ ਤੋਂ ਰਜਿਸਟ੍ਰੇਸ਼ਨ ਕਾਰਡ ਚਾਹੁੰਦੇ ਹਾਂ।ਕੈਬ ਅਤੇ ਆਟੋ ਦੀ ਬੁਕਿੰਗ ਵਿੱਚ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਾਰੀਆਂ ਆਟੋ ਯੂਨੀਅਨਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਧਰਨਾ ਖਤਮ ਕਰ ਦਿੱਤਾ ਹੈ ਪਰ ਕੁਝ ਲੋਕ ਅਜੇ ਵੀ ਇਸ ਤੋਂ ਜਾਣੂ ਨਹੀਂ ਹਨ। ਇਸ ਲਈ ਉਹ ਹੜਤਾਲ ਜਾਰੀ ਰੱਖ ਰਹੇ ਹਨ। ਧਰਨਾ ਸਮਾਪਤ ਕਰਨ ਦਾ ਕਾਰਨ ਇਹ ਹੈ ਕਿ ਮੁਸਾਫਰਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਸਥਿਤੀ ਜਲਦੀ ਹੀ ਆਮ ਵਾਂਗ ਹੋ ਜਾਵੇਗੀ ਪਰ ਜੇਕਰ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਅਗਲੇ 20-25 ਦਿਨਾਂ ਵਿੱਚ ਉਹ ਜ਼ਰੂਰੀ ਵਸਤਾਂ ਦੀ ਸਪਲਾਈ ਬੰਦ ਕਰ ਦੇਣਗੇ।
ਹੜਤਾਲ ਖ਼ਤਮ ਹੋਣ ਮਗਰੋਂ ਲੋਕਾਂ ਨੇ ਲਿਆ ਸੁੱਖ ਦਾ ਸਾਹ
ਦਿੱਲੀ: ਆਟੋ ਰਿਕਸ਼ਿਆਂ ਅਤੇ ਟੈਕਸੀਆਂ ਦੀ ਦੋ ਰੋਜ਼ਾ ਹੜਤਾਲ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰੋਜ਼ਾਨਾ ਇਧਰ ਉਧਰ ਜਾਣ ਵਾਲੇ ਲੋਕ ਪ੍ਰੇਸ਼ਾਨ ਦਿਖਾਈ ਦਿੱਤੇ। ਅੱਜ ਜਦੋਂ ਹੜਤਾਲ ਖ਼ਤਮ ਹੋਣ ਦਾ ਐਲਾਨ ਹੋਇਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਕਈ ਲੋਕਾਂ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਟੈਕਸੀਆਂ ਯੂਨੀਅਨਾਂ ਵਾਲੀਆਂ ਦੀਆਂ ਮੰਗਾਂ ਜਲਦੀ ਮੰਗ ਲੈਣੀਆਂ ਚਾਹੀਦੀਆਂ ਹਨ।਼ ਜ਼ਿਕਰਯੋਗ ਹੈ ਕਿ ਭਾਵੇਂ ਦਿੱਲੀ ਵਿੱਚ ਮੈਟਰੋ ਚਲਦੀ ਹੇ ਪਰ ਇਸ ਦੇ ਬਾਵਜੂਦ ਕਾਫੀ ਗਿਣਤੀ ਲੋਕ ਉਬਰ ਅਤੇ ਓਲੈ ਕੈਬ ਦੀ ਵਰਤੋਂ ਕਰਦੇ ਹਨ। ਸਸਤੀ ਪੈਣ ਦੇ ਨਾਲ ਨਾਲ ਹਰ ਕਿਤੇ ਇਹ ਸੇਵਾ ਉਪਲਬਧ ਹੁੰਦੀ ਹੈ। ਇਸ ਕਾਰਨ ਲੋਕ ਇਸ ਸੇਵਾ ਨੂੰ ਪਹਿਲ ਦਿੰਦੇ ਹਨ।
ਮੰਗਾਂ ਨਾ ਮੰਨਣ ’ਤੇ ਸੰਘਰਸ਼ ਦੀ ਚਿਤਾਵਨੀ
ਰਾਜਧਾਨੀ ਪਰਿਵਹਨ ਪੰਚਾਇਤ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਅੱਜ ਇੱਥੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਦਿੱਲੀ ਵਿੱਚ ਕੋਈ ਵੀ ਜ਼ਰੂਰੀ ਵਸਤੂ ਨਹੀਂ ਆਵੇਗੀ ਅਤੇ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ।