ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਈ
ਦਿੱਲੀ ਵਿੱਚ ਸੀਐੱਨਜੀ ਦੀਆਂ ਕੀਮਤਾਂ ਆਏ ਦਿਨ ਵਧਣ ਤੋਂ ਕੌਮੀ ਰਾਜਧਾਨੀ ਦਿੱਲੀ ਦੇ ਆਟੋ ਚਾਲਕ ਕਾਫ਼ੀ ਦੁਖੀ ਹਨ। ਉਨ੍ਹਾਂ ਕਿਹਾ ਕਿ ਬੜੀ ਮੁਸ਼ਕਲ ਨਾਲ ਕਰੋਨਾ ਮਹਾਮਾਰੀ ਤੋਂ ਬਾਹਰ ਨਿਕਲੇ ਤੇ ਕਾਰੋਬਾਰ ਰਿੜਨ ਲੱਗੇ ਹਨ, ਪਰ ਹੁਣ ਸੀਐੱਨਜੀ ਦੀਆਂ ਵਧੀਆਂ ਕੀਮਤਾਂ ਨੇ ਉਨ੍ਹਾਂ ਦੀਆਂ ਜੇਬਾਂ ਉਪਰ ਡਾਕਾ ਮਾਰਿਆ ਹੈ। ਆਟੋ ਚਾਲਕਾਂ ਨੇ ਕਿਹਾ ਕਿ ਸੀਐੱਨਜੀ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ ਤੇ ਭਾੜਾ ਉਹੀ ਹੈ, ਜਿਸ ਕਰਕੇ ਉਨ੍ਹਾਂ ਦੀ ਕਮਾਈ ਘਟਣ ਕਰਕੇ ਆਟੋਆਂ ਦੀਆਂ ਕਿਸ਼ਤਾਂ ਮੋੜਨੀਆਂ ਮੁਸ਼ਕਲ ਹੋ ਗਈਆਂ ਹਨ। ਚਾਲਕਾਂ ਨੇ ਕਿਹਾ ਕਿ ਗਰਮੀ ਕਾਰਨ ਦੁਪਹਿਰ ਸਮੇਂ ਸਵਾਰੀਆਂ ਵੀ ਘੱਟ ਮਿਲਦੀਆਂ ਹਨ ਤੇ ਹਰ ਪਾਸੇ ਕਾਰੋਬਾਰਾਂ ਵਿੱਚ ਆਈ ਕਮੀ ਦਾ ਅਸਰ ਉਨ੍ਹਾਂ ਉਪਰ ਵੀ ਪਿਆ ਹੈ। ਆਟੋ/ਕੈਬ ਵਾਲਿਆਂ ਦੀ ਨਜ਼ਰ ਦਿੱਲੀ ਸਰਕਾਰ ਵੱਲੋਂ ਬਣਾਈ ਗਈ ਕਿਰਾਇਆ ਕਮੇਟੀ ਉਪਰ ਟਿੱਕੀ ਹੈ ਜਿਸ ਦੀ ਰਿਪੋਰਟ ਮਗਰੋਂ ਇਸ ਹਫ਼ਤੇ ਦਿੱਲੀ ਵਿੱਚ ਆਟੋ/ਕੈਬਾਂ ਦੇ ਕਿਰਾਏ ਵਧਾਏ ਜਾਣਗੇ।
ਇਸ ਦੌਰਾਨ ਦਿੱਲੀ ਸਰਕਾਰ ਦੀ ਸਟੇਟ ਟਰਾਂਸਪੋਰਟ ਅਥਾਰਟੀ ਦੇ ਵਿਸ਼ੇਸ਼ ਕਮਿਸ਼ਨਰ ਦੀ ਅਗਵਾਈ ਵਿੱਚ ਬਣਾਈ ਆਟੋ ਕਿਰਾਇਆ ਕਮੇਟੀ ਦੇ ਮੈਂਬਰਾਂ ਵੱਲੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਆਟੋ ਤੇ ਕੈਬ ਦੀ ਸਵਾਰੀ ਕਰਕੇ ਜ਼ਮੀਨੀ ਪੱਧਰ ਦੀ ‘ਫੀਡਬੈਕ’ ਲਈ ਜਾ ਰਹੀ ਹੈ। ਸੂਤਰਾਂ ਮੁਤਾਬਕ ਬੀਤੇ 15 ਦਿਨਾਂ ਤੋਂ ਉਕਤ ਮੈਂਬਰ ਡਰਾਈਵਰਾਂ ਦੀਆਂ ਮੰਗਾਂ, ਕਿਰਾਏ ਵਿੱਚ ਵਾਧੇ ਬਾਰੇ ਚਾਲਕਾਂ ਤੋਂ ਘੁੰਮ-ਫਿਰ ਕੇ ਪਤਾ ਲਗਾ ਰਹੇ ਹਨ। ਉਨ੍ਹਾਂ ਦੀ ਭਾਖਿਆ ਲੈਣ ਕਮੇਟੀ ਮੈਂਬਰ ਲਾਜ਼ਮੀ ਸਮਝਦੇ ਹਨ ਕਿਉਂਕਿ ਵੱਡਾ ਹਿੱਸਾ ਨਿਜੀ ਸਵਾਰੀ ਟਰਾਂਸਪੋਰਟ ਵਿੱਚ ਆਟੋ/ਕੈਬਾਂ ਦਾ ਹੀ ਹੈ। ਇਸ ਹਫ਼ਤੇ ਕਮੇਟੀ ਵੱਲੋਂ ਰਿਪੋਰਟ ਦਿੱਤੀ ਜਾਣੀ ਹੈ। ਕਮੇਟੀ ਵਿੱਚ ਡਿਪਟੀ ਕਮਿਸ਼ਨਰ (ਅਕਾਂਊਟਸ) ਦੋ ਨਾਮਜ਼ਦ ਟਰਾਂਸਪੋਰਟ ਅਧਿਕਾਰੀ ਤੇ ਇੱਕ ਤਕਨੀਕੀ ਮਾਹਿਰ ਸ਼ਾਮਲ ਹੈ। ਸਿਵਲ ਸੁਸਾਇਟੀ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਯਾਤਰੀ ਤੇ ਵਿਦਿਆਰਥੀਆਂ ਦੇ ਨੁਮਾਇੰਦੇ ਵੀ ਸ਼ਾਮਲ ਹਨ।