ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਪਰੈਲ
ਆਟੋ, ਟੈਕਸੀ ਅਤੇ ਮਿਨੀ ਬੱਸ ਡਰਾਈਵਰਾਂ ਦੀਆਂ ਵੱਖ-ਵੱਖ ਯੂਨੀਅਨਾਂ ਨੇ ਸੋਮਵਾਰ ਨੂੰ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। ਯੂਨੀਅਨਾਂ ਕਿਰਾਏ ਵਿੱਚ ਵਾਧੇ ਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਕਟੌਤੀ ਦੀ ਮੰਗ ਕਰ ਰਹੀਆਂ ਹਨ। ਇਸ ਨਾਲ ਦਿੱਲੀ ਵਿੱਚ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿੱਲੀ ਸਰਕਾਰ ਵੱਲੋਂ ਸਮਾਂਬੱਧ ਤਰੀਕੇ ਨਾਲ ਕਿਰਾਏ ਵਿੱਚ ਵਾਧੇ ’ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਉਣ ਦੇ ਐਲਾਨ ਦੇ ਬਾਵਜੂਦ ਯੂਨੀਅਨਾਂ ਨੇ ਹੜਤਾਲ ਨਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਵਿੱਚ 90,000 ਤੋਂ ਵੱਧ ਆਟੋ ਅਤੇ 80,000 ਤੋਂ ਵੱਧ ਰਜਿਸਟਰਡ ਟੈਕਸੀਆਂ ਹਨ। ਸਰਵੋਦਿਆ ਡਰਾਈਵਰ ਐਸੋਸੀਏਸ਼ਨ ਦਿੱਲੀ ਦੇ ਪ੍ਰਧਾਨ ਕਮਲਜੀਤ ਗਿੱਲ ਨੇ ਕਿਹਾ ਕਿ ਸਰਕਾਰ ਵੱਲੋਂ ਤੇਲ ਤੇ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਅਤੇ ਕਿਰਾਏ ਵਿੱਚ ਸੋਧ ਕਰ ਕੇ ਉਨ੍ਹਾਂ ਮਦਦ ਲਈ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਮੱਦੇਨਜ਼ਰ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਦਿੱਲੀ ਆਟੋ ਰਿਕਸ਼ਾ ਸੰਘ ਦੇ ਜਨਰਲ ਸਕੱਤਰ ਰਾਜਿੰਦਰ ਸੋਨੀ ਨੇ ਕਿਹਾ ਕਿ ਸੀਐਨਜੀ ਦੀਆਂ ਦਰਾਂ ਵਿੱਚ ਵਾਧੇ ਨੇ ਆਟੋ ਅਤੇ ਕੈਬ ਡਰਾਈਵਰਾਂ ਨੂੰ ਤੋੜ ਦਿੱਤਾ ਹੈ। ਐਸਟੀਏ ਅਪਰੇਟਰ ਏਕਤਾ ਮੰਚ ਦੇ ਜਨਰਲ ਸਕੱਤਰ ਸ਼ਿਆਮ ਲਾਲ ਗੋਲਾ ਨੇ ਕਿਹਾ ਕਿ ਆਰਟੀਵੀ ਬੱਸਾਂ, ਜਿਨ੍ਹਾਂ ਦੀ ਗਿਣਤੀ 10,000 ਹੈ, ਵੀ ਕਿਰਾਏ ਵਿੱਚ ਸੋਧ ਕਰਨ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਕਮੀ ਲਿਆਉਣ ਦੀਆਂ ਮੰਗਾਂ ਦੇ ਸਮਰਥਨ ਵਿੱਚ ਸੜਕ ਤੋਂ ਦੂਰ ਰਹਿਣਗੀਆਂ। ਜ਼ਿਆਦਾਤਰ ਯੂਨੀਅਨਾਂ ਨੇ ਕਿਹਾ ਕਿ ਉਹ ਇੱਕ ਦਿਨ ਦੀ ਹੜਤਾਲ ’ਤੇ ਰਹਿਣਗੀਆਂ ਪਰ ਸਰਵੋਦਿਆ ਡਰਾਈਵਰ ਐਸੋਸੀਏਸ਼ਨ ਦਿੱਲੀ ਨੇ ਕਿਹਾ ਕਿ ਇਹ ਸੋਮਵਾਰ ਤੋਂ ‘ਅਣਮਿੱਥੇ ਸਮੇਂ ਲਈ’ ਹੜਤਾਲ ਕਰੇਗੀ।