ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਕਤੂਬਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਾਰੇ ਬਜ਼ੁਰਗਾਂ ਨੂੰ ਮੁਫਤ ਸ਼੍ਰੀ ਰਾਮ ਦੀ ਧਰਤੀ ਦੇ ਦਰਸ਼ਨ ਕਰਵਾਉਣਗੇ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਅੱਜ ਦਿੱਲੀ ਸਕੱਤਰੇਤ ਵਿੱਚ ਹੋਈ ਮੀਟਿੰਗ ਵਿੱਚ ਮੰਤਰੀ ਮੰਡਲ ਨੇ ਰਾਮਲੱਲ੍ਹਾ ਦੇ ਦਰਸ਼ਨਾਂ ਲਈ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਤਹਿਤ ਬਜ਼ੁਰਗਾਂ ਨੂੰ ਅਯੁੱਧਿਆ ਲਿਜਾਣ ਦੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਕੇਜਰੀਵਾਲ ਨੇ ਕਿਹਾ, ‘‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਦਾ ਵਿਸਤਾਰ ਕਰਦੇ ਹੋਏ ਹੁਣ ਅਯੁੱਧਿਆ ਨੂੰ ਵੀ ਇਸ ’ਚ ਸ਼ਾਮਲ ਕਰ ਲਿਆ ਗਿਆ ਹੈ। ਇਸ ਯੋਜਨਾ ਤਹਿਤ ਬਜ਼ੁਰਗਾਂ ਨੂੰ ਸ਼੍ਰੀ ਰਾਮ ਦੇ ਦਰਸ਼ਨਾਂ ਲਈ ਅਯੁੱਧਿਆ ਲੈ ਕੇ ਜਾਣ ਦਾ ਸਾਰਾ ਖਰਚਾ ਦਿੱਲੀ ਸਰਕਾਰ ਚੁੱਕੇਗੀ। ਹੁਣ ਤੱਕ 35 ਹਜ਼ਾਰ ਲੋਕ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ। ਮੇਰੀ ਕੋਸ਼ਿਸ਼ ਹੈ ਕਿ ਇਕ ਤਰ੍ਹਾਂ ਨਾਲ ਸਾਰੇ ਬਜ਼ੁਰਗਾਂ ਦਾ ਸ਼ਰਵਣ ਕੁਮਾਰ ਬਣ ਕੇ ਮੈਂ ਉਨ੍ਹਾਂ ਨੂੰ ਰਾਮਲੱਲ੍ਹਾ ਦੇ ਦਰਸ਼ਨ ਕਰਾਵਾਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਰੋਨਾ ਕਾਰਨ ਇਹ ਸਕੀਮ ਪਿਛਲੇ ਡੇਢ-ਢਾਈ ਸਾਲਾਂ ਤੋਂ ਬੰਦ ਸੀ ਪਰ ਹੁਣ ਕਰੋਨਾ ਦੀ ਸਥਿਤੀ ਵਿਚ ਕਾਫੀ ਸੁਧਾਰ ਹੋ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ ਅਗਲੇ ਇੱਕ ਮਹੀਨੇ ਵਿੱਚ ਤੀਰਥ ਯਾਤਰਾ ਮੁੜ ਸ਼ੁਰੂ ਹੋ ਜਾਵੇ। ਇਸ ਲਈ ਸਾਰੇ ਲੋਕ ਤੀਰਥ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।’’
ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘‘ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਅਯੁੱਧਿਆ ਨੂੰ ਵੀ ਸਾਡੀ ਦਿੱਲੀ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਹੁਣ ਤੱਕ ਇਹ ਯੋਜਨਾ ਜਗਨਨਾਥਪੁਰੀ, ਉਜੈਨ, ਸ਼ਿਰਡੀ, ਅੰਮ੍ਰਿਤਸਰ, ਜੰਮੂ, ਦਵਾਰਕਾ, ਤਿਰੂਪਤੀ, ਰਾਮੇਸ਼ਵਰਮ, ਹਰਿਦੁਆਰ, ਮਥੁਰਾ ਅਤੇ ਬੋਧ ਗਯਾ ਨੂੰ ਕਵਰ ਕਰਦੀ ਹੈ। ਹੁਣ ਇਸ ਵਿੱਚ ਅਯੁੱਧਿਆ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।’ ਦਿੱਲੀ ਦੇ ਸਾਰੇ ਬਜ਼ੁਰਗ ਜੋ ਅਯੁੱਧਿਆ ਵਿੱਚ ਰਾਮਲੱਲਾ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਦਿੱਲੀ ਸਰਕਾਰ ਉਨ੍ਹਾਂ ਨੂੰ ਅਯੁੱਧਿਆ ਵਿੱਚ ਰਾਮਲੱਲਾ ਦੇ ਦਰਸ਼ਨਾਂ ਲਈ ਮੁਫ਼ਤ ਲੈ ਕੇ ਆਵੇਗੀ।’’