ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਪਰੈਲ
ਰਾਜ਼ੌਰੀ ਗਾਰਡਨ ਤੋਂ ਜਾਗੋ ਦੇ ਉਮੀਦਵਾਰ ਬਲਦੀਪ ਸਿੰਘ ਰਾਜਾ ਵੱਲੋਂ ਪ੍ਰਚਾਰ ਵਿੱਚ ਤੇਜ਼ੀ ਲਿਆਉਂਦੇ ਹੋਏ ਇਲਾਕੇ ਦੇ ਵੱਖ-ਵੱਖ ਬਲਾਕਾਂ ਦਾ ਦੌਰਾ ਕੀਤਾ ਤੇ ਵੋਟਾਂ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਗੇ ਨਾਲੋਂ ਵੱਖਰੀਆਂ ਹੋ ਰਹੀਆਂ ਹਨ ਕਿਉਂਕਿ ਇਸ ਵਾਰ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਵਰਤੀ ਗਈ ਸਖ਼ਤੀ ਕਾਰਨ ਉਮੀਦਵਾਰਾਂ ਨੂੰ ਖ਼ੁਦ ਨੂੰ ਨਿਯਮਾਂ ਮੁਤਾਬਕ ਢਾਲਣਾ ਪਿਆ ਹੈ। ਦੂਜਾ ਪੱਖ ਇਹ ਵੀ ਹੈ ਕਿ ਇਸ ਵਾਰ ਰਵਾਇਤੀ ਦਲਾਂ ਤੋਂ ਇਲਾਵਾ ਹੋਰ ਧੜਿਆਂ ਨੇ ਵੀ ਹਾਜ਼ਰੀ ਲਵਾਈ ਹੈ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਵੱਲੋਂ ਜੋ ਮੁੱਦੇ ਮੌਜੂਦਾ ਕਮੇਟੀ ਪ੍ਰਬੰਧਕਾਂ ਨਾਲ ਸਬੰਧਤ ਕਰਕੇ ਉਠਾਏ ਜਾ ਰਹੇ ਹਨ, ਉਹ ਬਹੁਤ ਗੰਭੀਰ ਹਨ। ਇਸ ਲਈ ਕਮੇਟੀ ਦੇ ਨਿਜ਼ਾਮ ਵਿੱਚ ਵੱਡੀ ਤਬਦੀਲੀ ਦੀ ਲੋੜ ਹੈ ਤੇ ਨਵੀਂ ਧਿਰ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪੜ੍ਹੀ-ਲਿਖੀ ਪਨੀਰੀ ਨੂੰ ਅਗਵਾਈ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪੰਜਾਬੀ ਦੇ ਵਿਕਾਸ ਲਈ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਪ੍ਰਬੰਧ ਵਿੱਚ ਸੁਧਾਰ ਲਈ ਨਿਜ਼ਾਮ ਵਿੱਚ ਤਬਦੀਲੀ ਜ਼ਰੂਰੀ ਹੈ। ਵਿਸਾਖੀ ਮੌਕੇ ਰਾਜ਼ੌਰੀ ਗਾਰਡਨ ਦੇ 6-ਬਲਾਕ ਦੇ ਗੁਰਦੁਆਰੇ ਵਿੱਚ ਸਥਾਨਕ ਕਮੇਟੀ ਵੱਲੋਂ ਦਰਬਾਰ ਹਾਲ ਵੱਡਾ ਕਰਨ ਦੀ ਉਸਾਰੀ ਦਾ ਕੰਮ ਬਲਦੀਪ ਸਿੰਘ ਤੇ ਸਾਥੀਆਂ ਵੱਲੋਂ ਪਹਿਲਾ ਹਥੌੜਾ ਚਲਾ ਕੇ ਸ਼ੁਰੂ ਕਰਵਾਇਆ। ਉਨ੍ਹਾਂ 14 ਬਲਾਕ ਦੇ ਗੁਰਦੁਆਰੇ ਵਿੱਚ ਵੀ ਮੱਥਾ ਟੇਕਿਆ ਤੇ ਸੰਗਤ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ।