ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਜੁਲਾਈ
ਉਤਰਾਖੰਡ ਤੋਂ ਬਾਅਦ ਹੁਣ ਦਿੱਲੀ ਸਰਕਾਰ ਨੇ ਵੀ ਕਾਂਵੜ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਸ ਵਾਰ ਕਾਂਵੜ ਯਾਤਰਾ ’ਤੇ ਕਰੋਨਾਵਾਇਰਸ ਕਾਰਨ ਪਾਬੰਦੀ ਲਗਾਈ ਜਾ ਰਹੀ ਹੈ। ਕਰੋਨਾ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਹਰ ਪੱਧਰ ’ਤੇ ਕਦਮ ਚੁੱਕ ਰਹੀ ਹੈ, ਇਸ ਕੜੀ ਵਿਚ ਸਰਕਾਰ ਭੀੜ ਵਾਲੇ ਸਮਾਗਮਾਂ ’ਤੇ ਸਖਤ ਕਾਰਵਾਈ ਕਰ ਰਹੀ ਹੈ। ਕਾਂਵੜ ਯਾਤਰਾ ਕਾਰਨ ਡਰ ਸੀ ਕਿ ਕਰੋਨਾ ਦਾ ਹੋਰ ਪ੍ਰਸਾਰ ਨਾ ਹੋ ਜਾਵੇ, ਜਿਸ ਕਾਰਨ ਸਖ਼ਤ ਕਦਮ ਚੁੱਕੇ ਗਏ ਹਨ। ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਪਹਿਲਾਂ ਹੀ ਇੱਕ ਨੋਟਿਸ ਜਾਰੀ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਸ਼ਵ ਵਿੱਚ ਕਰੋਨਾ ਮਹਾਮਾਰੀ ਫੈਲਣ ਕਾਰਨ ਇਸ ਸਮੇਂ ਧਾਰਮਿਕ ਸਥਾਨਾਂ ’ਤੇ ਭੀੜ ਨਹੀਂ ਹੋਣੀ ਚਾਹੀਦੀ। ਦਿੱਲੀ ਦੇ ਅਹਿਮ ਬਾਜ਼ਾਰ ਸਰੋਜਨੀ ਨਗਰ ਨੂੰ ਵੀ ਇਸ ਲਈ ਬੰਦ ਕਰਨਾ ਪਿਆ ਕਿ ਉੱਥੇ ਲੋਕ ਕਰੋਨਾ ਨੇਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ ਤੇ ਸਮਾਜਿਕ ਦੂਰੀਆਂ ਦੇ ਨੇਮਾਂ ਦੀ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਸੀ।
ਦਿੱਲੀ ਦੀ ਰਾਜਧਾਨੀ ਵਿੱਚ ਕਰੋਨਾ ਦੀ ਲਾਗ ਦਰ ਘੱਟ ਕੇ 0.08 ਫ਼ੀਸਦ ਹੋ ਗਈ ਹੈ। ਇਸ ਕਾਰਨ ਪਿਛਲੇ ਕਈ ਦਿਨਾਂ ਤੋਂ ਕਰੋਨਾ ਦੇ ਕੇਸ 100 ਤੋਂ ਵੀ ਘੱਟ ਆ ਰਹੇ ਹਨ। ਦਿੱਲੀ ਵਿੱਚ ਕਰੋਨਾ ਦੇ 51 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਕੋਈ ਮੌਤ ਨਹੀਂ ਹੋਈ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ, ਹੁਣ ਤੱਕ ਦਿੱਲੀ ਵਿੱਚ ਕਰੋਨਾ ਦੇ ਕੁੱਲ 14 ਲੱਖ 35 ਹਜ਼ਾਰ 529 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਿਚੋਂ 14 ਲੱਖ ਨੌ ਹਜ਼ਾਰ 910 ਮਰੀਜ਼ ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੀ ਸਿਹਤਯਾਬ ਹੋਣ ਦੀ ਦਰ 98.21 ਫ਼ੀਸਦ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਕੁੱਲ ਗਿਣਤੀ 25,027 ਹੈ। ਇਸ ਸਮੇਂ 529 ਸਰਗਰਮ ਮਰੀਜ਼ ਹਨ, ਜਿਨ੍ਹਾਂ ਵਿਚੋਂ 338 ਮਰੀਜ਼ ਹਸਪਤਾਲਾਂ ਵਿਚ ਦਾਖਲ ਹਨ। ਕਰੋਨਾ ਦੀ ਲਾਗ ਵਿੱਚ ਕਮੀ ਦੇ ਕਾਰਨ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 418 ਤੋਂ 409 ਹੋ ਗਈ ਹੈ।