ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਗਸਤ
ਗੁਰਦੁਆਰਾ ਬੰਗਲਾ ਸਾਹਿਬ ਦੇ ਨਾਂ ਉੱਤੇ ਯੂ-ਟਿਊਬ ’ਤੇ ਗੁਰਬਾਣੀ ਦਾ ਪ੍ਰਸਾਰਣ ਕਰ ਰਹੇ ਪੇਜ ਨੂੰ ‘ਜਾਗੋ’ ਪਾਰਟੀ ਨੇ ਉਕਤ ਪੇਜ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਅਧਿਕਾਰਿਤ ਯੂ-ਟਿਊਬ ਪੇਜ ਦੱਸਿਆ ਹੈ। ਨਾਲ ਹੀ ਦਾਅਵਾ ਕੀਤਾ ਹੈ ਕਿ ਉਕਤ ਪੇਜ ਦਾ ਗੂਗਲ ਏਡਸੇਂਸ ਖਾਤਾ ਬਣਿਆ ਹੋਇਆ ਹੈ ਅਤੇ ਹਰ ਸਾਲ ਔਸਤਨ 49,200/ ਅਮਰੀਕੀ ਡਾਲਰ ਪੇਜ ਦੇ ਮਾਲਕ ਕੋਲ ਜਾ ਰਹੇ ਹਨ। ਜੀਕੇ ਨੇ ਸਿਰਸਾ ਨੂੰ ਇਸ ਮਾਮਲੇ ਵਿੱਚ 37 ਲੱਖ ਰੁਪਏ ਸਾਲਾਨਾ ਦੇ ਲਾਭਕਾਰੀ ਬਾਰੇ ਚੁੱਪੀ ਤੋੜਨ ਦੀ ਸਲਾਹ ਮੀਡੀਆ ਦੇ ਸਾਹਮਣੇ ਉਕਤ ਖ਼ੁਲਾਸਾ ਕਰਦੇ ਹੋਏ ਦਿੱਤੀ ਹੈ। ਜੀਕੇ ਨੇ ਕਿਹਾ ਕਿ, ਜਿਸ ਪੇਜ ਉੱਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਲਗਾਤਾਰ ਗੁਰਬਾਣੀ ਦਾ ਪ੍ਰਸਾਰਣ ਹੋ ਰਿਹਾ ਹੈ, ਉਸ ਪੇਜ ਦੇ ਅਬਾਊਟ ਸੈਕਸ਼ਨ ਵਿੱਚ ਸਾਫ਼ ਲਿਖਿਆ ਹੈ ਕਿ ਇਹ ਪੇਜ ਸਿਰਸਾ ਦਾ ਅਧਿਕਾਰਿਤ ਪੇਜ ਹੈ ਤੇ ਮਿਊਜ਼ਿਕ ਸੈਕਸ਼ਨ ਵਿੱਚ ਰਜਿਸਟਰਡ ਹੈ। ਹੁਣ ਗੁਰਬਾਣੀ ਵੇਚਣ ਦੇ ਮਾਮਲੇ ਵਿੱਚ ਸਿਰਸਾ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ। ਜੀਕੇ ਨੇ ਕਿਹਾ ਕਿ ਪਹਿਲਾਂ ਅਸੀਂ ਸਿਰਸਾ ਨੂੰ ਇੱਕ ਪੱਤਰ ਲਿਖ ਕੇ ਇਸ ਬਾਰੇ ਸਫ਼ਾਈ ਮੰਗਾਂਗੇ ਜੇਕਰ ਸਫ਼ਾਈ ਤਰਕ ਸੰਗਤ ਨਾਂ ਹੋਈ ਤਾਂ ਫਿਰ ਅਗਲੀ ਕਾਨੂੰਨੀ ਕਾਰਵਾਈ ਦੇ ਬਾਰੇ ਵਿਚਾਰ ਕੀਤਾ ਜਾਵੇਗਾ। ਜੀਕੇ ਨੇ ਕਿਹਾ ਕਿ ਸਿਰਸਾ ਨੇ ਆਪਣੇ ਪੇਜ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਲਾਈਵ ਲਈ ਕਿਉਂ ਚੁਣਿਆ, ਜਦੋਂ ਕਿ ਕਮੇਟੀ ਦੇ 2 ਪੇਜ ਯੂ-ਟਿਊਬ ਉੱਤੇ ਪਹਿਲਾਂ ਤੋਂ ਮੌਜੂਦ ਸਨ, ਜਿਸ ਵਿੱਚ ਇੱਕ 2017 ਵਿੱਚ ਬਣਿਆ ਹੈ ਅਤੇ ਦੂਜਾ 2019 ਵਿੱਚ, ਦੋਨਾਂ ਵਿੱਚ ਕ੍ਰਮਵਾਰ 1600 ਅਤੇ 268 ਅਮਰੀਕੀ ਡਾਲਰ ਹੁਣ ਤੱਕ ਆਏ ਹਨ। ਅਖੀਰ ਸਿਰਸਾ ਨੂੰ ਕਮੇਟੀ ਦੇ ਪੇਜ ਦਾ ਨਾਂਅ ਗੁਰਦੁਆਰਾ ਬੰਗਲਾ ਸਾਹਿਬ ਕਰਨ ਦੀ ਕਿਉਂ ਨਹੀਂ ਸੁੱਝੀ।
ਸਿਰਸਾ ਵੱਲੋਂ ਜੀਕੇ ਨੂੰ ਸਬੂਤ ਪੇਸ਼ ਕਰਨ ਦੀ ਚੁਣੌਤੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ‘ਜਾਗੋ’ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਨ੍ਹਾਂ ਦੇ ਬੈਂਕ ਖਾਤੇ ਜਾਂ ਉਨ੍ਹਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਦੇ ਬੈਂਕ ਖਾਤੇ ਦੀ ਸਟੇਟਮੈਂਟ ਵਿਖਾਉਣ, ਜਿਸ ਦੇ ਖਾਤੇ ’ਚ ਪੈਸੇ ਆਏ ਹਨ ਤੇ ਜੇਕਰ ਉਹ ਅਜਿਹੇ ਸਬੂਤ ਦੇ ਦਿੰਦੇ ਹਨ ਤਾਂ ਉਹ ਤੁਰੰਤ ਸਿਆਸਤ ਛੱਡ ਦੇਣਗੇ। ਸ੍ਰੀ ਸਿਰਸਾ ਨੇ ਮਨਜੀਤ ਸਿੰਘ ਜੀਕੇ ਤੇ ਉਨ੍ਹਾਂ ਦੇ ਹੋਰ ਸਾਥੀ ਜਿਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੀ ਕੇ ਉਨ੍ਹਾਂ ਖਿਲਾਫ ਸਬੂਤ ਸੰਗਤ ਦੇ ਸਾਹਮਣੇ ਪੇਸ਼ ਕਰਨ ਅਤੇ ਉਹ ਹਮੇਸ਼ਾ ਜਦੋਂ ਵੀ ਜੀਕੇ ਸਮਾਂ ਤੈਅ ਕਰਨ ਸੰਗਤ ਦੇ ਸਾਹਮਣੇ ਸਬੂਤ ਪੇਸ਼ ਕਰਨ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਕਿਹਾ, ‘ਇਹ ਲੋਕੀਂ ਝੂਠੇ ਦਾਅਵੇ ਕਰ ਰਹੇ ਹਨ ਕਿ ਅਸੀਂ ਗੁਰਬਾਣੀ ਵੇਚੀ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਅਸੀਂ ਗੁਰਬਾਣੀ ਵੇਚੀ ਹੈ ਤੇ ਨਾ ਸਾਡੀ ਮਾਨਸਿਕਤਾ ਹੈ ਕਿ ਅਸੀਂ ਗੁਰਬਾਣੀ ਵੇਚੀਏ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਹਮੇਸ਼ਾ ਜੀਕੇ ਨੇ ਕੀਤੇ ਹਨ’। ਇਸ ਦੌਰਾਨ ਉਨ੍ਹਾਂ ਕਿਹਾ ਕਿ ਬਜਾਏ ‘ਖਦਸ਼ਾ’ ਵਰਗੇ ਸ਼ਬਦ ਵਰਤ ਕੇ ਦੋਗਲੀ ਰਾਜਨੀਤੀ ਕਰਨ ਦੇ ਜੀਕੇ ਨੂੰ ਸਪੱਸ਼ਟ ਦੋਸ਼ ਲਾਉਣੇ ਚਾਹੀਦੇ ਹਨ ਤੇ ਉਸ ਦੇ ਸਬੂਤ ਸੰਗਤ ਅੱਗੇ ਪੇਸ਼ ਕਰਨੇ ਚਾਹੀਦੇ ਹਨ।