ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਨਵੰਬਰ
ਟਿਕਰੀ ਬਾਰਡਰ ਤੋਂ ਲੈ ਕੇ ਕਈ ਕਿਲੋਮੀਟਰ ’ਚ ਫੈਲੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਵਿਸ਼ਾਲ ਕਾਫਲੇ ਵੱਲੋਂ ਅੱਜ ਮੁੱਖ ਸੜਕ ਉੱਤੇ ਛੇ ਸਟੇਜਾਂ ਲਾ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਸਮੇਤ ਬਿਜਲੀ ਸੋਧ ਬਿੱਲ 2020 ਅਤੇ ਵਾਤਾਵਰਨ ਸਬੰਧੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ ਗਈ। ਸਟੇਜਾਂ ਤੋਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਰਾਜਸਥਾਨ ਦੇ ਕਿਸਾਨ ਆਗੂ ਸੰਤਬੀਰ ਸਿੰਘ ਤੇ ਰਛਪਾਲ, ਹਰਿਆਣਾ ਦੇ ਕਿਸਾਨ ਆਗੂ ਧਰਮਵੀਰ ਸਿੰਘ ਤੇ ਕੇਹਰ ਸਿੰਘ ਹਿਸਾਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਲਛਮਣ ਸਿੰਘ ਸੇਵੇਵਾਲਾ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਵੀ ਸੰਬੋਧਨ ਕੀਤਾ। ਅੱਜ ਸਟੇਜਾਂ ਸ਼ੁਰੂ ਕਰਨ ਸਮੇਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਗੁਰਪੁਰਬ ਦੀ ਵਧਾਈ ਦਿੰਦਿਆਂ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਬਾਬਾ ਨਾਨਕ ਨੇ ਬਾਬਰ ਤੇ ਮਲਿਕ ਭਾਗੋ ਨੂੰ ਲਲਕਾਰਿਆ ਸੀ। ਅੱਜ ਵੀ ਮਲਿਕ ਭਾਗੋ ਵਰਗੇ ਹਾਕਮ ਭਾਈ ਲਾਲੋਆਂ ਦਾ ਖੂਨ ਚੂਸ ਰਹੇ ਹਨ ਤੇ ਉਨ੍ਹਾਂ ਨੂੰ ਨਾਨਕ ਦੇ ਵਾਰਿਸ ਲਲਕਾਰ ਰਹੇ ਹਨ। ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਉਹ ਭਾਜਪਾ ਦੀ ਕੇਂਦਰੀ ਹਕੂਮਤ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਥਾਂ ਕਿਸਾਨਾਂ ਨਾਲ ਵਿਦੇਸ਼ੀ ਧਾੜਵੀ ਹਕੂਮਤ ਵਾਂਗ ਵਿਹਾਰ ਕਰ ਰਹੀ ਹੈ