ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜਨਵਰੀ
ਦਿੱਲੀ ਵਿਚ ਬਰਡ ਫਲੂ ਦੇ ਮੱਦੇਨਜ਼ਰ ਚਿਕਨ ਦੀ ਵਿਕਰੀ ’ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਪੋਲਟਰੀ ਬਾਜ਼ਾਰਾਂ ਵਿਚੋਂ ਲਏ ਗਏ ਨਮੂਨਿਆਂ ਦਾ ਬਰਡ ਫਲੂ ਟੈਸਟ ਵਿਚ ਨੈਗੇਟਿਵ ਟੈਸਟ ਕੀਤੇ ਜਾਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਮੂਨੇ ਨੈਗੇਟਿਵ ਆਏ ਹਨ। ਦਿੱਲੀ ਪੋਲਟਰੀ ਮਾਰਕੀਟਾਂ ਦੇ ਨਮੂਨੇ ਬਰਡ ਫਲੂ ਲਈ ਨਕਾਰਾਤਮਕ ਹਨ, ਜਿਸ ਤੋਂ ਬਾਅਦ ਉਨ੍ਹਾਂ ਪੋਲਟਰੀ ਮਾਰਕੀਟ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਚਿਕਨ ਦੀ ਵਿਕਰੀ ਤੇ ਜ਼ਿੰਦਾ ਮੁਰਗੀਆਂ ਦੀ ਦਰਾਮਦ ’ਤੇ ਵੀ ਪਾਬੰਦੀ ਹਟਾ ਦਿੱਤੀ ਗਈ ਹੈ। ਗਾਜ਼ੀਪੁਰ ਚਿਕਨ ਮਾਰਕੀਟ ਤੋਂ ਲਏ ਗਏ ਸਾਰੇ 100 ਨਮੂਨੇ ਨੈਗੇਟਿਵ ਹਨ। ਇਸ ਤੋਂ ਪਹਿਲਾਂ ਦਿੱਲੀ ਪਸ਼ੂ ਪਾਲਣ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਸ਼ੀਆ ਦੀ ਸਭ ਤੋਂ ਵੱਡੀ ਗਾਜ਼ੀਪੁਰ ਮੁਰਗਾ ਮੰਡੀ ਤੋਂ ਲਏ ਗਏ ਸਾਰੇ 100 ਨਮੂਨਿਆਂ ਵਿੱਚ ਬਰਡ ਫਲੂ ਨਾ ਹੋਣ ਦੀ ਪੁਸ਼ਟੀ ਹੋ ਗਈ ਹੈ। ਇਹ ਨਤੀਜੇ ਕੌਮੀ ਰਾਜਧਾਨੀ ਵਿੱਚ ਕਾਵਾਂ ਤੇ ਬੱਤਖਾਂ ਦੇ ਨਮੂਨਿਆਂ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ 3 ਦਿਨ ਬਾਅਦ ਆਏ ਹਨ। ਕਾਵਾਂ ਤੇ ਬੱਤਖਾਂ ਦੇ ਨਮੂਨਿਆਂ ਵਿਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਦਿੱਲੀ ਸਰਕਾਰ ਨੇ ਸੋਮਵਾਰ ਨੂੰ ਸ਼ਹਿਰ ਦੇ ਬਾਹਰੋਂ ਲਿਆਂਦੀ ਗਈ ਪ੍ਰੋਸੈਸਡ ਅਤੇ ਪੈਕਡ ‘ਚਿਕਨ’ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਸੀ। ਸਰਕਾਰ ਨੇ ਸਾਵਧਾਨੀ ਦੇ ਤੌਰ ’ਤੇ ਥੋਕ ਪੋਲਟਰੀ ਮਾਰਕੀਟ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਹੈ।
ਦਿੱਲੀ ਵਿਚ ਬਰਡ ਫਲੂ ਤੋਂ ਰਾਹਤ ਮਿਲਣ ਦੀ ਖ਼ਬਰ ਹੈ। ਗਾਜ਼ੀਪੁਰ ਏਸ਼ੀਆ ਦੀ ਸਭ ਤੋਂ ਵੱਡੀ ਕੁੱਕੜ ਦੀ ਮਾਰਕੀਟ ਹੈ। ਗਾਜ਼ੀਪੁਰ, ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ ’ਤੇ ਸਥਿਤ ਹੈ। ਮਾਰਕੀਟ ਖੇਤਰ ਵਿੱਚ ਪੋਲਟਰੀ ਉਤਪਾਦਾਂ ਦਾ ਮੁੱਖ ਸਪਲਾਇਰ ਹੈ। ਸੀਨੀਅਰ ਪਸ਼ੂ ਪਾਲਣ ਯੂਨਿਟ ਅਧਿਕਾਰੀ ਰਾਕੇਸ਼ ਸਿੰਘ ਨੇ ਕਿਹਾ ਕਿ ਬੁੱਧਵਾਰ ਨੂੰ 104 ਨਮੂਨਿਆਂ ਦੇ ਨਤੀਜੇ ਆਏ। ਇਨ੍ਹਾਂ ਵਿਚੋਂ 100 ਨਮੂਨੇ ਗਾਜ਼ੀਪੁਰ ਦੀ ਮਾਰਕੀਟ ਵਿਚ 35 ਪੋਲਟਰੀ ਪੰਛੀਆਂ ਦੇ ਸਨ। ਸਾਰੇ ਨਮੂਨਿਆਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸਦਾ ਮਤਲਬ ਹੈ ਕਿ ਏਵੀਅਨ ਇਨਫਲੂਐਂਜ਼ਾ ਦਿੱਲੀ ਵਿੱਚ ਪੋਲਟਰੀ ਪੰਛੀਆਂ ਵਿੱਚ ਫੈਲਿਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਨਮੂਨੇ ਭੋਪਾਲ ਤੋਂ ਜਲੰਧਰ ਤੋਂ ਜਾਂਚ ਲਈ ਭੇਜੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ 6 ਜਨਵਰੀ ਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਤਕਰੀਬਨ 850 ਪੰਛੀਆਂ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਤੇ ਬਾਕਾਇਦਾ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ।