ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਾਰਚ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਭਾਜਪਾ ਦਿੱਲੀ ਦੇ ਪ੍ਰਧਾਨ ਆਦੇਸ਼ ਗੁਪਤਾ ਨੂੰ ਕਿਹਾ ਕਿ ਭਾਜਪਾ ਸ਼ਾਸਿਤ ਰਾਜਾਂ ਵਿੱਚ ਸ਼ਰਾਬ ਖਰੀਦਣ ਦੀ ਘੱਟੋ ਘੱਟ ਉਮਰ 25 ਸਾਲ ਕਰੋ ਤੇ ਉਹ ਇਸ ਨੂੰ ਦਿੱਲੀ ਵਿੱਚ 30 ਸਾਲ ਕਰਵਾਉਣਗੇ। ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਵਿੱਚ ਭਾਜਪਾ ਸ਼ਾਸਤ ਰਾਜ ਸ਼ਰਾਬ ਖਰੀਦਣ ਦੀ ਉਮਰ 21 ਸਾਲ ਹੈ। ਭਾਜਪਾ ਨੇ ਗੋਆ ਵਿਚ 15 ਸਾਲ ਰਾਜ ਕੀਤਾ ਹੈ ਤੇ ਉਥੇ ਉਮਰ ਉਥੇ 18 ਸਾਲ ਰੱਖੀ ਗਈ ਹੈ।
ਉਨ੍ਹਾਂ ਕਿਹਾ ਕਿ ਜਦੋਂ 21 ਸਾਲ ਦੇ ਬੱਚੇ ਇੱਕ ਰੈਸਟੋਰੈਂਟ ਜਾਂ ਬਾਰ ਵਿੱਚ ਦਿਖਾਈ ਦਿੰਦੇ ਹਨ ਤਾਂ ਪੁਲੀਸ ਤੇ ਹੋਰ ਵਿਭਾਗਾਂ ਦੇ ਲੋਕ ਉਥੇ ਰੇਡ ਕਰਦੇ ਹਨ ਤੇ ਰੈਸਟੋਰੈਂਟ ਉਦਯੋਗ ਤੋਂ ਪੈਸੇ ਇਕੱਠੇ ਕਰਦੇ ਹਨ। ਭਾਜਪਾ ਨੇਤਾਵਾਂ ਨੂੰ ਆਪਣੀ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਲਈ ਮਿਲਣਾ ਚਾਹੀਦਾ ਹੈ ਕਿ ਪੂਰੇ ਦੇਸ਼ ਅੰਦਰ ਸ਼ਰਾਬ ਖਰੀਦਣ ਅਤੇ ਖਪਤ ਕਰਨ ਦੀ ਉਮਰ 25 ਸਾਲ ਹੋਣੀ ਚਾਹੀਦੀ ਹੈ।
ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦੇ ਦੋਹਰੇ ਚਰਿੱਤਰ ਬਾਰੇ ਹੈਰਾਨ ਹਨ। ਉਨ੍ਹਾਂ ਕਿਹਾ ਕਿ ਉਹ ਭਾਜਪਾ ਆਗੂ ਆਦੇਸ਼ ਗੁਪਤਾ, ਰਾਮਵੀਰ ਬਿਧੂਰੀ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਆਪਣੇ ਰਾਜਾਂ ਵਿੱਚ ਸ਼ਰਾਬ ਖਰੀਦਣ ਅਤੇ ਖਪਤ ਕਰਨ ਦੀ ਉਮਰ ਹੱਦ 25 ਸਾਲ ਕਰਨ।
ਪ੍ਰਾਪਰਟੀ ਟੈਕਸ 34 ਪ੍ਰਤੀਸ਼ਤ ਵਧਾਉਣ ਦੇ ਪ੍ਰਸਤਾਵ ਦੀ ਨਿਖੇਧੀ਼
ਆਮ ਆਦਮੀ ਪਾਰਟੀ ਨੇ ਭਾਜਪਾ ਸ਼ਾਸਤ ਦੱਖਣੀ ਐਮ.ਸੀ.ਡੀ ਦੇ ਸਾਰੇ ਵਰਗਾਂ ਦੇ ਜਾਇਦਾਦਾਂ ’ਤੇ ਪ੍ਰਾਪਰਟੀ ਟੈਕਸ 34 ਪ੍ਰਤੀਸ਼ਤ ਵਧਾਉਣ ਦੇ ਪ੍ਰਸਤਾਵ ਦੀ ਸਖਤ ਨਿੰਦਾ ਕੀਤੀ ਹੈ। ਦੱਖਣੀ ਐਮਸੀਡੀ 24 ਮਾਰਚ ਨੂੰ ਸਦਨ ਦੀ ਬੈਠਕ ਵਿਚ ਪ੍ਰਾਪਰਟੀ ਟੈਕਸ ਵਧਾਉਣ ਦਾ ਪ੍ਰਸਤਾਵ ਦੇਣ ਜਾ ਰਿਹਾ ਹੈ। ‘ਆਪ’ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਕਰੋਨਾ ਯੁੱਗ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ, ਦਿੱਲੀ ਸਰਕਾਰ ਨੇ ਜਾਇਦਾਦ ਦੇ ਸਰਕਲ ਰੇਟ ਵਿੱਚ 20 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ ਜਦੋਂਕਿ ਭਾਜਪਾ ਸ਼ਾਸਤ ਦੱਖਣੀ ਐਮਸੀਡੀ ਪ੍ਰਾਪਰਟੀ ਟੈਕਸ ਵਿੱਚ 34 ਪ੍ਰਤੀਸ਼ਤ ਦਾ ਵਾਧਾ ਕਰਨ ਦਾ ਪ੍ਰਸਤਾਵ ਦੇ ਰਹੀ ਹੈ। ਐਮ ਸੀ ਡੀ ਨੇ ਆਊਟ ਡੋਰ ਐਡਵਰਟਾਈਜ਼ਿੰਗ ਠੇਕੇਦਾਰਾਂ ਦੀ 6 ਮਹੀਨੇ ਦੀ ਲਾਇਸੈਂਸ ਫੀਸ ਮੁਆਫ ਕਰ ਦਿੱਤੀ ਹੈ ਤੇ ਹੁਣ ਲੋਕਾਂ ਤੋਂ ਹੋਏ ਨੁਕਸਾਨ ਦੀ ਭਰਪਾਈ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਸਥਾਈ ਕਮੇਟੀ ਨੇ ਐਮਸੀਡੀ ਦੇ ਪੇਸ਼ੇਵਰ ਟੈਕਸ ਵਧਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਇਸ ਦੇ ਬਾਵਜੂਦ ਪੇਸ਼ੇਵਰ ਟੈਕਸ ਵਧਾਉਣ ਦੀ ਤਜਵੀਜ਼ ਸਦਨ ਵਿਚ ਏਜੰਡਾ ਰੱਖ ਕੇ ਪਾਸ ਕੀਤੀ ਗਈ। ਭਾਜਪਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਲੋਕ ਵਿਰੋਧੀ ਹਰਕਤ ਨੂੰ ਤੁਰੰਤ ਵਾਪਸ ਲਿਆ ਜਾਵੇ।