ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਾਰਚ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੂੰ ਕਿਸੇ ਵੀ ਵਿਧਾਨ ਸਭਾ ਹਲਕੇ ਵਿੱਚ ਖੁੱਲ੍ਹ ਕੇ ਬਹਿਸ ਕਰਨ ਦੀ ਚੁਣੌਤੀ ਹੈ ਕਿ ਐਲਜੀ ਦਾ ਸ਼ਾਸਨ ਕਿਵੇਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਜਨ ਸੰਘ ਨੇ ਆਜ਼ਾਦੀ ਤੋਂ ਬਾਅਦ ਸਾਲਾਂ ਤੋਂ ਦਿੱਲੀ ਨੂੰ ਇੱਕ ਸੁਤੰਤਰ ਰਾਜ ਬਣਾਉਣ ਲਈ ਲੜਾਈ ਲੜੀ ਹੈ। ਅੱਜ ਉਸੇ ਜਨਸੰਘ ਤੋਂ ਆਈ ਭਾਜਪਾ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਪਛਾੜਦਿਆਂ ਨਵਾਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸ਼ਰਮ ਦੀ ਗੱਲ ਹੈ ਕਿ ਭਾਜਪਾ ਕਹਿ ਰਹੀ ਹੈ ਕਿ ਆਪਣੇ ਵਰਕਰਾਂ ਨੂੰ ਘਰ-ਘਰ ਭੇਜਾਂਗੇ ਤੇ ਲੋਕਾਂ ਨੂੰ ਦੱਸਾਂਗੇ ਕਿ ਐਲਜੀ ਦਾ ਰਾਜ ਬਿਹਤਰ ਹੈ। ਕੇਂਦਰ ਸਰਕਾਰ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਸਾਰੇ ਅਧਿਕਾਰ ਖੋਹ ਰਹੀ ਹੈ ਜਿਸ ਸਰਕਾਰ ਦੀ ਲੋਕਾਂ ਨੇ 70 ਵਿਚੋਂ 62 ਸੀਟਾਂ ਦੇਣ ’ਤੇ ਚੋਣ ਕੀਤੀ ਹੈ ਅਜਿਹੀ ਸਰਕਾਰ ਨੂੰ ਅਧਿਕਾਰਾਂ ਤੋਂ ਵਾਂਝੇ ਕਰਨ ਦੀ ਚਾਲ ਚੱਲੀ ਜਾ ਰਹੀ ਹੈ। ਉਨ੍ਹਾਂ ਪਾਰਟੀ ਹੈੱਡਕੁਆਰਟਰ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਸ੍ਰੀ ਭਾਰਦਵਾਜ ਨੇ ਕਿਹਾ ਕਿ ਅੱਜ ਮੀਡੀਆ ਤੋਂ ਪਤਾ ਲੱਗਿਆ ਕਿ ਦਿੱਲੀ ਭਾਜਪਾ ਦਾ 2 ਦਿਨਾ ਸੈਸ਼ਨ ਸਮਾਪਤ ਹੋਇਆ ਹੈ। ਇਸ ਭਿਆਨਕ ਹਾਰ ਬਾਰੇ ਨਗਰ ਨਿਗਮ ਅੰਦਰ ਚਿੰਤਨ ਕੈਂਪ ਲਗਾਇਆ ਗਿਆ ਹੈ ਜਿਸ ਵਿਚ ਭਾਜਪਾ ਦੇ ਦਿੱਲੀ ਇੰਚਾਰਜ ਬੈਜਯੰਤ ਪਾਂਡਾ ਨੇ ਕਿਹਾ ਸੀ ਕਿ ਦਿੱਲੀ ਵਿਚ ਭਾਜਪਾ ਵਰਕਰ ਘਰ-ਘਰ ਜਾ ਕੇ ਦਿੱਲੀ ਦੇ ਲੋਕਾਂ ਨੂੰ ਦੱਸਣਗੇ ਕਿ ਕੇਂਦਰ ਤੇ ਐਲਜੀ ਦੇ ਹੱਥਾਂ ਵਿਚ ਦਿੱਲੀ ਦਾ ਸ਼ਾਸਨ ਦਿੱਲੀ ਲਈ ਕਿਉਂ ਲਾਭ ਦੀ ਗੱਲ ਹੈ।