ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਅਗਸਤ
ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਦੱਖਣੀ ਦਿੱਲੀ ‘ਚ ਸ਼ਾਹੀਨ ਬਾਗ਼ ਵਿਖੇ ਨਾਗਰਿਕਤਾ ਸੋਧ ਐਕਟ (ਸੀਏਏ) ਖ਼ਿਲਾਫ਼ ਲਾਏ ਗਏ ਧਰਨੇ ਨੂੰ ਭਾਜਪਾ ਦੀ ਇਕ ਰਣਨੀਤੀ ਤਹਿਤ ਅੰਜਾਮ ਦਿੱਤਾ ਗਿਆ, ਜੋ ਭਾਜਪਾ ਦੇ ਆਗੂਆਂ ਦੇ ਚਰਿੱਤਰ ਨੂੰ ਦਰਸਾਉਂਦਾ ਹੈ। ਬੀਤੇ ਦਿਨ ਭਾਜਪਾ ਵਿੱਚ ਸ਼ਾਹੀਨ ਬਾਗ਼ ਇਲਾਕੇ ਦੇ ਕਰੀਬ 50 ਲੋਕਾਂ ਦੇ ਸ਼ਾਮਲ ਹੋਣ ਮਗਰੋਂ ‘ਆਪ’ ਦੇ ਵਿਧਾਇਕ ਤੇ ਬੁਲਾਰੇ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਵਾਲ ਕੀਤਾ ਕਿ ਕੀ ਭਾਜਪਾ ਦੇ ਇਸ਼ਾਰੇ ਉਪਰ ਹੀ ਸ਼ਾਹੀਨ ਬਾਗ਼ ਦਾ ਧਰਨਾ ਲਾਇਆ ਗਿਆ ਸੀ। ਸ੍ਰੀ ਭਾਰਦਵਾਜ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ ਦੇ ਵਿਰੋਧ ‘ਚ ਦਸ ਔਰਤਾਂ ਨੇ ਦਿੱਲੀ-ਨੋਇਡਾ ਮਾਰਗ ਬੰਦ ਕੀਤਾ ਸੀ। ਵਿਧਾਇਕ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਨੇ ਉਸ ਮਾਰਗ ਦੇ ਨੇੜੇ ਦੀਆਂ ਸੜਕਾਂ ਨੂੰ ਖ਼ੁਦ ਬੰਦ ਕਰਵਾਇਆ ਤੇ ਜਾਣ ਬੁੱਝ ਕੇ ਪੁਲੀਸ ਪ੍ਰਦਰਸ਼ਨ ਕਰਵਾਉਂਦੀ ਰਹੀ। ਉਨ੍ਹਾਂ ਕਿਹਾ ਕਿ ਸ਼ਾਹੀਨ ਬਾਗ਼ ਮੋਰਚੇ ਤੋਂ ਸਭ ਤੋਂ ਵੱਧ ਲਾਭ, ਜਿਸ ਪਾਰਟੀ ਨੂੰ ਹੋਇਆ ਇਹ ਸਭ ਜਾਣਦੇ ਹਨ।
ਭਾਜਪਾ ਨੇ ਸ਼ਾਹੀਨ ਬਾਗ਼ ਉਪਰ ਦਿੱਲੀ ਦੀਆਂ ਚੋਣਾਂ ਲੜੀਆਂ ਅਤੇ ਇਹ ਭਾਜਪਾ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਸੀ। ‘ਆਪ’ ਵੱਲੋਂ ਇਹ ਦੋਸ਼ ਸ਼ਾਹੀਨ ਬਾਗ਼ ਮੋਰਚੇ ਨਾਲ ਜੁੜੇ ਚਿਹਰਿਆਂ ਦੇ ਬੀਤੇ ਦਿਨ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਲਾਇਆ ਗਿਆ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਵੱਲੋਂ ਉੱਤਰ-ਪੂਰਬੀ ਦਿੱਲੀ ਵਿੱਚ ਦੰਗੇ ਵੀ ਕਰਵਾਏ ਗਏ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਿੰਦੂ-ਮੁਸਲਿਮ ਵਿੱਚ ਪਾੜ ਪਾਈ ਤੇ ਸ਼ਾਹੀਨ ਬਾਗ਼ ਦਾ ਹਵਾਲਾ ਦੇ ਕੇ ਦਿੱਲੀ ਵਿੱਚ ਦੰਗੇ ਕਰਵਾਏ। ਉਨ੍ਹਾਂ ਭਾਜਪਾ ਤੇ ਸ਼ਾਹੀਨ ਬਾਗ਼ ਮੋਰਚੇ ਬਾਰੇ ਟਿੱਪਣੀ ਕੀਤੀ ਕਿ ਸੀਏਏ ਵਾਪਸ ਵੀ ਨਹੀਂ ਹੋਇਆ ਤੇ ਸ਼ਾਹੀਨ ਬਾਗ਼ ਮੋਰਚਾ ਆਪਣੇ ਆਪ ਖ਼ਤਮ ਹੋ ਗਿਆ।
ਉਨ੍ਹਾਂ ਯਾਦ ਕਰਵਾਇਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਸ਼ਾਹੀਨ ਬਾਗ਼ ਦਾ ਜ਼ਿਕਰ ਕਰਕੇ ਵੋਟਾਂ ਮੰਗੀਆਂ ਸਨ। ਓਲੇਮਾ ਕੌਂਸਲ ਦੇ ਸਕੱਤਰ ਸ਼ਹਿਜ਼ਾਦ ਅਲੀ ਜੋ ਸ਼ਾਹੀਨ ਬਾਗ਼ ਦੇ ਅੰਦੋਲਨ ਵਿੱਚ ਸ਼ਾਮਲ ਦੱਸੇ ਜਾ ਰਹੇ ਸਨ ਬੀਤੇ ਭਾਜਪਾ ਵਿੱਚ ਇੰਚਾਰਜ ਸ਼ਿਆਮ ਜਾਜੂ ਅੱਗੇ ਸ਼ਾਮਲ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜਨਾਬ ਅਲੀ ਖ਼ੁਦ ਨੂੰ ਸੀਏਏ ਵਿਰੋਧੀ ਦੱਸਦੇ ਸਨ ਤੇ ਡਾ. ਮੇਹਰੀਨ, ਤਬੱਸੁਮ ਹੁਸੈਨ ਵੀ ਸ਼ਾਮਲ ਹੋਣ ਵਾਲਿਆਂ ‘ਚ ਹਨ।