ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੂਨ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਅੱਜ ਹਸਪਤਾਲ, ਕਿਰਾੜੀ ਦਾ ਦੌਰਾ ਕੀਤਾ, ਜਿਸ ਬਾਰੇ ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਇੱਥੇ ਅਸਥਾਈ ਹਸਪਤਾਲ ਨਹੀਂ ਬਣਿਆ ਜਦੋਂ ਕਿ ਦਿੱਲੀ ਸਰਕਾਰ ਨੇ ਬਣਾਏ 7 ਹਸਪਤਾਲਾਂ ’ਚ ਇਸ ਦਾ ਜ਼ਿਕਰ ਕੀਤਾ ਸੀ। ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਹਸਪਤਾਲ ਵਿੱਚ ਤਾਂ ਦੂਰ ਦੀ ਇੱਕ ਇੱਟ ਵੀ ਨਹੀਂ ਲਗਾਈ ਗਈ ਸੀ। ਕੇਜਰੀਵਾਲ ਸਰਕਾਰ ਦੇ ਕਾਗਜ਼ਾਂ ਅਨੁਸਾਰ ਇਹ 458 ਬਿਸਤਰਿਆਂ ਵਾਲਾ ਹਸਪਤਾਲ 28 ਜੂਨ 2020 ਤੋਂ ਚੱਲ ਰਿਹਾ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਕਰੋਨਾ ਦੇ ਦੌਰ ’ਚ ਕੇਂਦਰ ਸਰਕਾਰ ਦੇ ਕਹਿਣ ’ਤੇ ਡੀਡੀਏ ਨੇ ਹਸਪਤਾਲ ਬਣਾਉਣ ਦੇ ਨਾਂ ’ਤੇ ਕੇਜਰੀਵਾਲ ਸਰਕਾਰ ਨੂੰ ਜ਼ਮੀਨ ਦਿੱਤੀ ਸੀ ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ 458 ਬੈੱਡਾਂ ਦਾ ਹਸਪਤਾਲ ਬਣਾਉਣ ਦੀ ਗੱਲ ਕਹੀ ਸੀ। ਪਰ ਅੱਜ ਇੱਥੇ ਬੰਜਰ ਜ਼ਮੀਨ, ਚਿੱਕੜ, ਟੋਇਆਂ ਨਾਲ ਭਰਿਆ ਪਾਣੀ ਤੇ ਲਟਕਦੇ ਬੋਰਡਾਂ ਤੋਂ ਇਲਾਵਾ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਇਤਫ਼ਾਕ ਨਹੀਂ ਹੈ ਜਦੋਂ 2020 ਵਿੱਚ ਮੁਕੰਮਲ ਹੋਏ ਹਸਪਤਾਲ ਦਾ ਟੈਂਡਰ 10 ਅਗਸਤ 2021 ਨੂੰ ਹੋ ਰਿਹਾ ਹੈ।