ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਸਤੰਬਰ
ਦਿੱਲੀ ਭਾਜਪਾ ਨੇ ਕਾਂਗਰਸੀ ਅਤੇ ‘ਆਪ’ ਨੂੰ ਝੁੱਗੀਆਂ ਵਾਲਿਆਂ ਨੂੰ ਵੋਟ ਬੈਂਕ ਸਮਝਣ ਦਾ ਤਾਅਨਾ ਮਾਰਿਆ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਨੇ ਅੱਜ ਰਾਜ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੇਲਵੇ ਟਰੈਕ ਦੇ ਨਾਲ ਲੱਗਦੇ ਝੁੱਗੀ ਝੌਂਪੜੀ ਵਾਲਿਆਂ ਲਈ ਘਰ ਅਲਾਟ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਸੁਪਰੀਮ ਕੋਰਟ ਨੇ 3 ਮਹੀਨਿਆਂ ਵਿਚ 48 ਹਜ਼ਾਰ ਝੁੱਗੀਆਂ ਨੂੰ ਰੇਲਵੇ ਲਾਈਨ ਕੰਢਿਓਂ ਹਟਾਉਣ ਦੇ ਹੁਕਮ ਦਿੱਤੇ ਹਨ ਤੇ ਦਿੱਲੀ ਸਰਕਾਰ ਕੋਲ 52000 ਮਕਾਨ ਖਾਲੀ ਪਏ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਕਾਂਗਰਸ ਸਰਕਾਰ ਜਿਸ ਨੇ 15 ਸਾਲ ਦਿੱਲੀ ਤੇ ਰਾਜ ਕੀਤਾ ਸੀ ਤੇ ਹੁਣ ਪਿਛਲੇ 6 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਦਿੱਲੀ ਦੇ ਝੁੱਗੀ ਝੌਂਪੜੀ ਵਾਲਿਆਂ ਨੂੰ ਵੋਟ ਬੈਂਕ ਵਜੋਂ ਵਰਤਿਆ ਹੈ ਤੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਲ 2008 ਵਿੱਚ ਰਾਜੀਵ ਰਤਨ ਆਵਾਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜਿਸ ਤਹਿਤ 60 ਹਜ਼ਾਰ ਘਰ ਝੁੱਗੀਆਂ ਝੌਂਪੜੀ ਵਾਲਿਆਂ ਨੂੰ ਦਿੱਤੇ ਜਾਣੇ ਸਨ ਪਰ ਨਹੀਂ ਦਿੱਤੇ ਗਏ। ਦਿੱਲੀ ਦੀਆਂ ਬਸਤੀਆਂ ਵਿਚ ਰਹਿਣ ਵਾਲੇ ਲੋਕਾਂ ਨੇ 277518 ਬਿਨੈ ਪੱਤਰ ਪੇਸ਼ ਕੀਤੇ ਸਨ ਤੇ ਹਰ ਅਰਜ਼ੀ ਲਈ 100 ਰੁਪਏ ਫੀਸ ਵੀ ਅਦਾ ਕੀਤੀ ਸੀ, ਪਰ ਕਾਂਗਰਸ ਸਰਕਾਰ ਨੇ ਇਹ ਯੋਜਨਾ ਦਿੱਤੀ ਪਰ ਝੁੱਗੀਆਂ ਝੌਂਪੜੀਆਂ ਨੂੰ ਇਕ ਵੀ ਘਰ ਅਲਾਟ ਨਹੀਂ ਕੀਤਾ।