ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜਨਵਰੀ
ਮੁੱਖ ਬੁਲਾਰੇ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਗਰ ਨਿਗਮਾਂ ਨੂੰ ਚਲਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਸ ਲਈ ਭਾਜਪਾ ਨੂੰ ਤੁਰੰਤ ਐੱਮਸੀਡੀ ਨੂੰ ਬਰਖਾਸਤ ਕਰ ਕੇ ਦੁਬਾਰਾ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਐੱਮਸੀਡੀ ਵਿੱਚ ਭਾਜਪਾ ਦੀ ਲੀਡਰਸ਼ਿਪ ਦਾ ਪਰਦਾਫਾਸ਼ ਹੋ ਗਿਆ ਹੈ। ਭਾਜਪਾ ਆਗੂਆਂ ਨੇ ਹਜ਼ਾਰਾਂ ਕਰੋੜਾਂ ਦੇ ਘੁਟਾਲੇ ਕਰਕੇ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੈ। ਦਿੱਲੀ ਸਰਕਾਰ ਤੋਂ ਸਾਰਾ ਪੈਸਾ ਲੈਣ, ਪ੍ਰਾਪਰਟੀ ਟੈਕਸ ਵਧਾਉਣ ਤੇ ਕਈ ਨਵੇਂ ਟੈਕਸ ਲਗਾਉਣ ਦੇ ਬਾਵਜੂਦ, ਐਮ.ਸੀ.ਡੀ ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਯੋਗ ਨਹੀਂ ਹੈ, ਜਿਸ ਦੇ ਨਤੀਜੇ ਵਜੋਂ ਕਰਮਚਾਰੀ ਹੜਤਾਲ ’ਤੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਐੱਮਸੀਡੀ ਚੋਣਾਂ -2017 ਦੌਰਾਨ ਦਿੱਲੀ ਪ੍ਰਦੇਸ਼ ਦੇ ਤਤਕਾਲੀ ਪ੍ਰਧਾਨ ਤੇ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਵਾਸੀਆਂ ਨੂੰ ਪੈਸੇ ਦੀ ਘਾਟ ਨਾ ਆਉਣ ਦੇਣ ਤੇ ਕੇਂਦਰ ਤੋਂ ਪੈਸੇ ਲੈ ਕੇ ਐੱਮਸੀਡੀ ਚਲਾਉਣ ਦਾ ਵਾਅਦਾ ਕੀਤਾ ਸੀ। ਤਿਵਾੜੀ ਨੇ ਝੂਠੇ ਵਾਅਦੇ ਕਰਕੇ ਦਿੱਲੀ ਦੇ ਲੋਕਾਂ ਨੂੰ ਗੁਮਰਾਹ ਕੀਤਾ ਤੇ ਕੇਂਦਰ ਤੋਂ ਇੱਕ ਰੁਪਿਆ ਵੀ ਨਹੀਂ ਲਿਆਇਆ। ਉਸ ਨੂੰ ਦਿੱਲੀ ਦਾ ਸੰਸਦ ਮੈਂਬਰ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਤੇ ਨੈਤਿਕ ਆਧਾਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਸੌਰਭ ਭਾਰਦਵਾਜ ਨੇ ਦਿੱਲੀ ਨਗਰ ਨਿਗਮ ਵਿੱਚ ਹੋਏ ਘੁਟਾਲਿਆਂ ਨੂੰ ਲੈ ਕੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲਾਂ ਕਹੀਆਂ।
ਕੇਜਰੀਵਾਲ ਸਰਕਾਰ ਦੀ ਗਲਤੀ ਕਾਰਨ ਸਫ਼ਾਈ ਸੇਵਕ ਹੜਤਾਲ ’ਤੇ: ਗੁਪਤਾ
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਨਿਗਮ ਕਰਮਚਾਰੀਆਂ ਦੀ ਹੜਤਾਲ ਕਾਰਨ ਦਿੱਲੀ ਵਾਸੀਆਂ ਨੂੰ ਹੋ ਰਹੀ ਪ੍ਰੇਸ਼ਾਨੀ ’ਤੇ ਅਫਸੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਸਰਕਾਰ ਦੀ ਗਲਤੀ ਦਾ ਨਤੀਜਾ ਹੈ ਕਿ ਅੱਜ ਨਿਗਮ ਕਰਮਚਾਰੀ ਖ਼ਾਸਕਰ ਸਫ਼ਾਈ ਸੇਵਕ ਹੜਤਾਲ ’ਤੇ ਚਲੇ ਗਏ ਹਨ, ਜਿਸ ਕਾਰਨ ਦਿੱਲੀ ਦੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਤੋਂ 2015 ਵਿੱਚ ਕੇਜਰੀਵਾਲ ਦੀ ਸਰਕਾਰ ਆਈ ਹੈ, ਉਦੋਂ ਤੋਂ ਭਾਜਪਾ ਸ਼ਾਸਤ ਨਿਗਮ ਕਾਰਪੋਰੇਸ਼ਨਾਂ ਪ੍ਰਤੀ ਰਾਜਨੀਤਿਕ ਦੁਰਦਸ਼ਾ ਨਾਲ ਕੰਮ ਕਰ ਰਹੀ ਹੈ ਤੇ ਸੰਵਿਧਾਨਕ ਤੌਰ ’ਤੇ ਨਿਰਧਾਰਤ ਫੰਡਾਂ ਨੂੰ ਸਿਰਫ ਕੱਟ ਲਗਾ ਕੇ ਜਾਰੀ ਕਰ ਰਹੀ ਹੈ। ਵਰਤਮਾਨ ਵਿੱਚ ਬਕਾਇਆ ਰਕਮ 13,000 ਕਰੋੜ ਰੁਪਏ ਤੋਂ ਵੱਧ ਹੈ ਜਦੋਂ ਕਿ ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀ ਦੀ ਸ਼ੁਰੂਆਤ ’ਤੇ ਕਾਰਪੋਰੇਸ਼ਨਾਂ ਨੂੰ ਨਿਰਧਾਰਤ ਫੰਡ ਦਾ ਸਿਰਫ 30 ਪ੍ਰਤੀਸ਼ਤ ਪ੍ਰਾਪਤ ਹੋਇਆ ਹੈ।