ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਦੀ ਅਗਵਾਈ ਹੇਠ ਸਿਵਲ ਲਾਈਨਜ਼ ਦੇ ਚਾਂਦਗੀਰਾਮ ਅਖਾੜਾ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਭਾਜਪਾ ਨੇ ਦਿੱਲੀ ਵਿਧਾਨ ਸਭਾ ਅੰਦਰ ਤੇ ਬਾਹਰ ਰੋਸ ਜ਼ਾਹਰ ਕਰ ਕੇ ਦਿੱਲੀ ਦੀ 48 ਹਜ਼ਾਰ ਝੁੱਗੀਆਂ ਦੇ ਵਾਸੀਆਂ ਨਾਲ ਹਮਦਰਦੀ ਪ੍ਰਗਟਾਈ। ਇਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਝੁੱਗੀ-ਝੌਂਪੜੀਆਂ ਵਾਲਿਆਂ ਨੇ ਹਿੱਸਾ ਲਿਆ। ਸ੍ਰੀ ਬਿਧੂੜੀ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਸ ਨੇ ਹਜ਼ਾਰਾਂ ਝੁੱਗੀਆਂ ਨੂੰ ਤਬਾਹ ਕਰ ਦਿੱਤਾ, ਪਰ ਇੱਕ ਪੱਕੇ ਘਰ ਵਿੱਚ ਇੱਕ ਵੀ ਝੁੱਗੀ ਵਾਸੀ ਨੂੰ ਵੀ ਨਹੀਂ ਵਸਾਇਆ। ਉਨ੍ਹਾਂ ਕਿਹਾ ਕਿ ਬਹੁਤੇ ਸਟਰੀਟ ਵਰਕਰ ਝੁੱਗੀਆਂ ਵਿਚ ਵੀ ਰਹਿੰਦੇ ਹਨ ਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਸਟਾਲ ਬਣਾਉਣ ਲਈ ਦਿੱਲੀ ਸਰਕਾਰ ਨੂੰ ਨਿਰਦੇਸ਼ ਦਿੱਤੇ, ਪਰ ਦਿੱਲੀ ਸਰਕਾਰ ਨੇ ਇਕ ਵੀ ਸਟਾਲ ਨਹੀਂ ਲਗਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲਾਗੂ ਨਹੀਂ ਹੋਣ ਦਿੱਤਾ।
ਉਨ੍ਹਾਂ ਕਿਹਾ ਕਿ ਅਸੈਂਬਲੀ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਆਯੂਸ਼ਮਾਨ ਭਾਰਤ ਯੋਜਨਾ ਨੂੰ ਵੀ ਦਿੱਲੀ ਵਿੱਚ ਲਾਗੂ ਕੀਤਾ ਜਾਵੇਗਾ ਤਾਂ ਜੋ ਲੋੜਵੰਦ ਲੋਕਾਂ ਨੂੰ 5 ਲੱਖ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਸਕਣ, ਪਰ ਕੇਜਰੀਵਾਲ ਸਰਕਾਰ ਨੇ ਇਨ੍ਹਾਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਨਹੀਂ ਕੀਤਾ। ਉਨ੍ਹਾਂ ਸੋਚਿਆ ਕਿ ਜੇ ਇਹ ਲੋਕ ਭਲਾਈ ਯੋਜਨਾਵਾਂ ਦਿੱਲੀ ਵਿੱਚ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਵੇਗਾ।