ਨਵੀਂ ਦਿੱਲੀ, 18 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਦਿੱਲੀ ਸੇਵਾਵਾਂ ਬਿੱਲ ਇਸ ਕਰ ਕੇ ਲਿਆਂਦਾ ਗਿਆ ਹੈ, ਕਿਉਂਕਿ ਪੈਸੇ ਦੀ ਤਾਕਤ, ਈਡੀ ਅਤੇ ਸੀਬੀਆਈ ਦੀ ਧਮਕੀ ਦਿੱਲੀ ਵਿੱਚ ਫੇਲ੍ਹ ਸਾਬਤ ਹੋ ਚੁੱਕੀ ਹੈ। ਵਿਧਾਨ ਸਭਾ ਵਿੱਚ ਦਿੱਤੇ ਭਾਸ਼ਣ ਦੌਰਾਨ ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਸਰਵਿਸਿਜ਼ ਬਿੱਲ ਰਾਹੀਂ ਜਮਹੂਰੀਅਤ ਦਾ ‘ਸੰਘੀ’ ਮਾਡਲ ਲਿਆਂਦਾ ਹੈ, ਜਦੋਂ ਕਿ 2024 ਦੀਆਂ ਲੋਕ ਸਭਾ ਚੋਣਾਂ ਕੌਮੀ ਰਾਜਧਾਨੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਆਰਡੀਨੈਂਸ ਅਤੇ ਬਿੱਲ ਰਾਹੀਂ ਦਿੱਲੀ ਦੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਲਤਾੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਬਿੱਲ ਰਾਹੀਂ ਸੰਘੀ ਸ਼ੈਲੀ ਦਾ ਲੋਕਤੰਤਰ ਲੈ ਕੇ ਆਏ ਹਨ। ਸੇਵਾ ਮਾਮਲੇ ’ਤੇ ਆਰਡੀਨੈਂਸ ਇਸ ਕਰ ਕੇ ਲਿਆਂਦਾ ਗਿਆ ਸੀ ਕਿਉਂਕਿ ਪੈਸੇ ਦੀ ਤਾਕਤ, ਈਡੀ ਅਤੇ ਸੀਬੀਆਈ ਦੀ ਧਮਕੀ ਦਿੱਲੀ ਵਿੱਚ ਅਸਫਲ ਹੋ ਗਈ ਸੀ।ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਭਾਜਪਾ ਦੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ, “ਅਸੀਂ ਤੁਹਾਨੂੰ ਝੁਕਾਵਾਂਗੇ”। ਉਨ੍ਹਾਂ ਕਿਹਾ,‘‘ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਤਾਕਤ ਕੇਜਰੀਵਾਲ ਅਤੇ ਦਿੱਲੀ ਦੇ ਦੋ ਕਰੋੜ ਲੋਕਾਂ ਨੂੰ ਝੁਕਣ ਨਹੀਂ ਦੇ ਸਕਦੀ।’’ ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਭਾਜਪਾ ਸਾਲ 2024 ਦੀਆਂ ਚੋਣਾਂ ਵਿੱਚ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ਗੁਆ ਦੇਵੇਗੀ।
ਦਿੱਲੀ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕਸਦਿਆਂ ਉਨ੍ਹਾਂ ਦਵਾਰਕਾ ਐਕਸਪ੍ਰੈੱਸ ਵੇਅ ਦੇ ਨਿਰਮਾਣ ਸਮੇਤ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ’ਤੇ ਕੈਗ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ। ਭਾਜਪਾ ਵਿਧਾਇਕਾਂ ਨੇ ਉਸ ਵੇਲੇ ਵਾਕਆਊਟ ਕੀਤਾ ਜਦੋਂ ਡਿਪਟੀ ਸਪੀਕਰ ਰਾਖੀ ਬਿਰਲਾ ਨੇ ‘ਆਪ’ ਵਿਧਾਇਕ ਅਤੇ ਗੈਂਗਸਟਰ ਦੀ ਕਥਿਤ ਮਿਲੀਭੁਗਤ ’ਤੇ ਚਰਚਾ ਲਈ ਉਨ੍ਹਾਂ ਦੇ ਨੋਟਿਸ ਨੂੰ ਸਵੀਕਾਰ ਨਹੀਂ ਕੀਤਾ। ਦਵਾਰਕਾ ਐਕਸਪ੍ਰੈੱਸ ਵੇਅ ਦੇ ਨਿਰਮਾਣ ਵਿੱਚ ਕਥਿਤ ਘੁਟਾਲੇ ਅਤੇ ਕੈਗ ਦੁਆਰਾ ਹਾਲ ਹੀ ਵਿੱਚ ਸੰਸਦ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਦਰਸਾਈਆਂ ਬੇਨਿਯਮੀਆਂ ਸਬੰਧੀ ਚਰਚਾ ਸ਼ੁਰੂ ਕਰਦੇ ਹੋਏ ‘ਆਪ’ ਵਿਧਾਇਕ ਰਿਤੂਰਾਜ ਨੇ ਕਿਹਾ ਕਿ ਐਕਸਪ੍ਰੈੱਸ ਵੇਅ ਦੀ ਲਾਗਤ ਪ੍ਰਤੀ ਕਿਲੋਮੀਟਰ 18 ਕਰੋੜ ਰੁਪਏ ਤੋਂ ਵਧ ਕੇ 250 ਕਰੋੜ ਰੁਪਏ ਪ੍ਰਤੀ ਕਿਲੋਮੀਟਰ ਹੋ ਗਈ ਹੈ। ਰਿਤੂਰਾਜ ਨੇ ਕਿਹਾ, ‘‘ਇਹ ਇੱਕ ਸੋਨੇ ਦੀ ਸੜਕ ਜਾਪਦੀ ਹੈ।’’ ਉਨ੍ਹਾਂ ਮੰਗ ਕੀਤੀ ਕਿ ਘਪਲੇ ਦੀ ਜਾਂਚ ਸੀਬੀਆਈ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਕੀਤੀ ਜਾਣੀ ਚਾਹੀਦੀ ਹੈ, ਹਾਲਾਂਕਿ ਉਨ੍ਹਾਂ ਤੋਂ ਬਹੁਤੀ ਉਮੀਦ ਨਹੀਂ ਹੈ। ਬਹਿਸ ਵਿੱਚ ਹਿੱਸਾ ਲੈਂਦਿਆਂ ਮਾਡਲ ਟਾਊਨ ਤੋਂ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਵੀ ਦੋਸ਼ ਲਾਇਆ ਕਿ ਐਕਸਪ੍ਰੈੱਸ ਵੇਅ ਦੇ ਨਿਰਮਾਣ ਦੇ ਨਾਲ-ਨਾਲ ਆਯੂਸ਼ਮਾਨ ਭਾਰਤ ਸਿਹਤ ਯੋਜਨਾ ਵਿੱਚ ਵੀ ਘੁਟਾਲਾ ਹੋਇਆ ਹੈ। ‘ਆਪ’ ਵਿਧਾਇਕ ਪ੍ਰਵੀਨ ਕੁਮਾਰ ਨੇ ਦੋਸ਼ ਲਾਇਆ ਕਿ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਰਿਪੋਰਟ ’ਚ ਭਾਜਪਾ ਸ਼ਾਸਿਤ ਰਾਜਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ’ਚ ਵੱਖ-ਵੱਖ ਘਪਲਿਆਂ ਵੱਲ ਇਸ਼ਾਰਾ ਕੀਤਾ ਗਿਆ ਹੈ। ਕੁਝ ਦੇਰ ਬਾਅਦ ਭਾਜਪਾ ਆਗੂ ਸਦਨ ਵਿੱਚ ਪਰਤ ਆਏ ਅਤੇ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂੜੀ ਨੇ ਡਿਪਟੀ ਸਪੀਕਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਚਰਚਾ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਪਰ, ਬਿਰਲਾ ਨੇ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ,‘‘ਕੀ ਵਿਰੋਧੀ ਧਿਰ ਦੇ ਮੈਂਬਰ ਸੋਚਦੇ ਹਨ ਕਿ ਇਹ ਕੋਈ ਬਾਗ ਜਾਂ ਕੈਫੇ ਹੈ ਜਿੱਥੇ ਉਹ ਜਦੋਂ ਚਾਹੇ ਆ ਸਕਦੇ ਹਨ ਅਤੇ ਜਾ ਸਕਦੇ ਹਨ।’’ ਇਸ ਮੁੱਦੇ ’ਤੇ ਬੋਲਦਿਆਂ ਕੈਬਨਿਟ ਮੰਤਰੀ ਇਮਰਾਨ ਹੁਸੈਨ ਨੇ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਭ੍ਰਿਸ਼ਟਾਚਾਰ ਨਾਲ ਲੜਨ ਦੀ ਗੱਲ ਕਰਦੇ ਹਨ, ਪਰ ਕੈਗ ਦੀ ਰਿਪੋਰਟ ’ਚ ਕੇਂਦਰ ਦੀਆਂ ਏਜੰਸੀਆਂ ਬੇਨਿਯਮੀਆਂ ’ਚ ਸ਼ਾਮਲ ਹੋਈਆਂ ਦਿਖਾਈ ਦਿੰਦੀਆਂ ਹਨ। ਹੁਸੈਨ ਨੇ ਕਿਹਾ, ‘‘ਜਦੋਂ ਕਿ ਦਵਾਰਕਾ ਐਕਸਪ੍ਰੈੱਸ ਵੇਅ ਦਾ ਨਿਰਮਾਣ ਅਨੁਮਾਨਿਤ ਲਾਗਤ ਤੋਂ 15 ਗੁਣਾ ਵੱਧ ਲਾਗਤ ਨਾਲ ਕੀਤਾ ਜਾ ਰਿਹਾ ਹੈ। ਹੁਸੈਨ ਨੇ ਕਿਹਾ ਕਿ ਦਿੱਲੀ ਦੀ ‘ਆਪ’ ਸਰਕਾਰ ਨੇ ਅਨੁਮਾਨਾਂ ਤੋਂ ਘੱਟ ਲਾਗਤਾਂ ’ਤੇ ਪ੍ਰਾਜੈਕਟ ਪੂਰੇ ਕੀਤੇ ਹਨ ਅਤੇ ਉਹ ਵੀ ਸਮੇਂ ਸਿਰ। ਮੰਤਰੀ ਦੇ ਬੋਲਦਿਆਂ ਹੀ ਭਾਜਪਾ ਵਿਧਾਇਕਾਂ ਨੇ ਵਿਰੋਧ ਜਤਾਇਆ। -ਪੀਟੀਆਈ