ਨਵੀਂ ਦਿੱਲੀ, 7 ਮਈ
ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਭਗਵਾ ਪਾਰਟੀ ਅਤੇ ਇਸ ਦੀ ਅਗਵਾਈ ਵਾਲੀਆਂ ਸਰਕਾਰਾਂ ਪੰਜਾਬ ਵਿੱਚ ਦੰਗੇ ਭੜਕਾਉਣ ਵਾਲਿਆਂ ਨੂੰ ਸੁਰੱਖਿਆ ਦੇ ਰਹੀਆਂ ਹਨ। ਪੰਜਾਬ ਪੁਲੀਸ ਨੇ ਦਿੱਲੀ ਤੋਂ ਭਾਜਪਾ ਆਗੂ ਬੱਗਾ ਨੂੰ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਹਰਿਆਣਾ ਨੇ ਪੰਜਾਬ ਪੁਲੀਸ ਨੂੰ ਰਾਹ ਵਿੱਚ ਹੀ ਰੋਕ ਲਿਆ ਸੀ। ਬਾਅਦ ਵਿੱਚ ਦਿੱਲੀ ਪੁਲੀਸ ਬੱਗਾ ਨੂੰ ਕੌਮੀ ਰਾਜਧਾਨੀ ਵਾਪਸ ਲੈ ਆਈ ਸੀ। ਭਾਜਪਾ ਨੇ ਪੰਜਾਬ ਪੁਲੀਸ ’ਤੇ ਆਪਣੇ ਆਗੂ ਬੱਗਾ ਨੂੰ ਅਗ਼ਵਾ ਕਰਨ ਦਾ ਦੋਸ਼ ਲਾਇਆ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਟਵੀਟ ਕੀਤਾ, ‘‘ਪੰਜਾਬ ਵਿੱਚ ਭਾਈਚਾਰਕ ਸਾਂਝ ਖ਼ਿਲਾਫ਼ ਬੋਲਣ ਵਾਲੇ ਅਤੇ ਦੰਗੇ ਭੜਕਾਉਣ ਵਾਲੇ ਆਪਣੇ ਇੱਕ ਗੁੰਡੇ ਨੂੰ ਬਚਾਉਣ ਲਈ ਪੂਰੀ ਭਾਜਪਾ ਅਤੇ ਇਸ ਦੀਆਂ ਸਾਰੀਆਂ ਸਰਕਾਰਾਂ ਜੁਟ ਗਈਆਂ ਹਨ।’’ ਉਨ੍ਹਾਂ ਕਿਹਾ, ‘‘ਭਾਜਪਾ ਗੁੰਡਿਆਂ ਦੀ ਇੱਕ ਜੁੰਡਲੀ ਹੈ, ਜੋ ਸਰਕਾਰਾਂ ਤੋਂ ਵੀ ਗੁੰਡਿਆਂ ਦਾ ਹੀ ਕੰਮ ਲੈਂਦੀ ਹੈ। ਇਹ ਲੋਕ ਕਦੇ ਗ਼ਲਤੀ ਨਾਲ ਵੀ ਸਿੱਖਿਆ, ਸਿਹਤ, ਮਹਿੰਗਾਈ ਤੇ ਬੇਰੁਜ਼ਗਾਰੀ ਦੀ ਗੱਲ ਨਹੀਂ ਕਰਦੇ।’’ -ਪੀਟੀਆਈ