ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਦਸੰਬਰ
ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ ਹੇਠ ਪਾਰਟੀ ਨੇ ਅੱਜ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਅਤੇ ਨਗਰ ਨਿਗਮ ਦਾ ਬਕਾਇਆ 13000 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕੀਤੀ। ਸੂਬਾ ਪ੍ਰਧਾਨ ਸ੍ਰੀ ਗੁਪਤਾ ਨੇ ਕਿਹਾ ਕਿ ਜਿਸ ਤਰ੍ਹਾਂ ਮਹਾਤਮਾ ਗਾਂਧੀ ਨੇ ਬੇਇਨਸਾਫੀ ਵਿਰੁਧ ਲੜਨ ਲਈ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਅੱਜ ਸਫ਼ਾਈ ਸੇਵਕਾਂ, ਡਾਕਟਰਾਂ, ਨਰਸਾਂ, ਸਿਹਤ ਕਰਮਚਾਰੀਆਂ, ਅਧਿਆਪਕਾਂ, ਦਿੱਲੀ ਦੇ ਕਰੋਨਾ ਵਾਰੀਅਰ ਕਾਰਪੋਰੇਸ਼ਨ ਦੇ ਹੱਕਾਂ ਲਈ ਲੜਨ ਲਈ ਸੱਤਿਆਗ੍ਰਹਿ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰਾਮਲੀਲਾ ਮੈਦਾਨ ਤੋਂ ਸੱਤਿਆਗ੍ਰਹਿ ਕਰਕੇ ਦਿੱਲੀ ਦੇ ਲੋਕਾਂ ਵਿਚ ਸੱਚ ਦੀ ਲੜਾਈ ਲੜਨ ਦਾ ਸੰਦੇਸ਼ ਦਿੱਤਾ ਸੀ, ਪਰ ਅਸਲ ਵਿਚ ਉਹ ਤਾਨਾਸ਼ਾਹ ਹਿਟਲਰਵਾਦੀ ਹਨ, ਜੋ ਨਾ ਤਾਂ ਲੋਕਾਂ ਦੀ ਆਵਾਜ਼ ਸੁਣਨਾ ਚਾਹੁੰਦੇ ਹਨ ਅਤੇ ਨਾ ਹੀ ਲੋਕਾਂ ਦੀਆਂ ਮੁਸ਼ਕਲਾਂ ਸਮਝਦੇ ਹਨ।
ਕਾਰਪੋਰੇਸ਼ਨ ਦੇ ਸਫਾਈ ਸੇਵਕ ਕੂੜਾ ਚੁੱਕਣ ਦਾ ਕੰਮ ਕਰਦੇ ਹਨ ਲੱਖਾਂ ਗਰੀਬ ਪਰਿਵਾਰ ਦੇ ਬੱਚੇ ਨਿਗਮ ਦੇ ਸਕੂਲ ਵਿੱਚ ਪੜ੍ਹਦੇ ਹਨ, ਗਰੀਬ ਲੋਕ ਨਿਗਮ ਦੇ ਹਸਪਤਾਲਾਂ ਵਿੱਚ ਇਲਾਜ ਲਈ ਜਾਂਦੇ ਹਨ, ਨਿਗਮ ਕਰਮਚਾਰੀ ਲੋਕਾਂ ਨੂੰ ਡੇਂਗੂ, ਚਿਕਨਗੁਨੀਆ, ਮਲੇਰੀਆ ਜਿਹੀਆਂ ਜਾਨਲੇਵਾ ਬਿਮਾਰੀਆਂ ਤੋਂ ਸੁਰੱਖਿਅਤ ਰੱਖਦੇ ਹਨ। ਪਰ ਮੁੱਖ ਮੰਤਰੀ ਕਾਰਪੋਰੇਟਰਾਂ ਦੇ ਅਧਿਕਾਰਾਂ ਨੂੰ ਮਾਰ ਰਹੇ ਹਨ। ਕੇਜਰੀਵਾਲ ਨੇ ਆਪਣੇ ਸਲਾਹਕਾਰ ਨੂੰ ਬਾਹਰ ਦਾ ਰਸਤਾ ਦਿਖਾਇਆ ਤੇ ਹੁਣ ਦਿੱਲੀ ਬਰਬਾਦ ਕਰਨ ’ਤੇ ਤੁਲੇ ਹੋਏ ਹਨ। ਨਿਗਮ ਕਰਮਚਾਰੀਆਂ ਦੇ ਹੱਕਾਂ ਲਈ ਸਾਡੇ ਮੇਅਰ, ਕੌਂਸਲਰ ਇਸ ਠੰਡ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਬੈਠੇ ਰਹੇ ਪਰ ਕੇਜਰੀਵਾਲ ਨੇ 5 ਮਿੰਟ ਵੀ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪ੍ਰਚਾਰ ਦੇ ਨਾਲ-ਨਾਲ ਹੁਣ ਦਿੱਲੀ ਦੇ ਲੋਕਾਂ ਦੇ ਟੈਕਸਾਂ ਦੀ ਵਰਤੋਂ ਦੂਜੇ ਰਾਜਾਂ ਵਿੱਚ ਪ੍ਰਚਾਰ ਕਰਨ ਤੇ ਉਨ੍ਹਾਂ ਦੇ ਰਾਜਨੀਤਿਕ ਹਿੱਤ ਲਈ ਕੀਤੀ ਜਾ ਰਹੀ ਹੈ।
‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਪੈਦਲ ਯਾਤਰਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਨੇ ਕਿਹਾ ਕਿ ਅੱਜ ਪਾਰਟੀ ਭਾਜਪਾ ਸ਼ਾਸਿਤ ਐੱੱਮਸੀਡੀ ਵਿੱਚ ਹੋਏ 2500 ਕਰੋੜ ਰੁਪਏ ਦੇ ਕਥਿਤ ਘੁਟਾਲੇ ਬਾਰੇ 272 ਵਾਰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ‘ਆਪ’ ਕਾਰਕੁਨਾਂ ਤੋਂ ਇਲਾਵਾ ਦਿੱਲੀ ਦੇ ਲੋਕਾਂ ਨੇ ਵੀ ‘ਪੈਦਲ ਯਤਰਾ’ ਵਿੱਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ‘ਆਪ’ ਕਾਰਕੁਨਾਂ ਨੇ ਲੋਕਾਂ ਨੂੰ ਐੱੱਮਸੀਡੀ ਵਿੱਚ ਘੁਟਾਲੇ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਵਿੱਚ ਐੱੱਮਸੀਡੀ ਦੇ ਦੀਵਾਲੀਆ, ਦਿੱਲੀ ਨੂੰ ਤਿੰਨ ਕੂੜੇ ਦੇ ਪਹਾੜ ਦਿੱਤੇ ਜਾਣ ਤੇ ਭਾਜਪਾ ਦੇ ਕੌਂਸਲਰਾਂ ਦੇ ਕਾਰਨਾਮੇ ਬਾਰੇ ਵਿਚਾਰ ਵਟਾਂਦਰੇ ਹੋਏ। ਉਨ੍ਹਾਂ ਕਿਹਾ ਕਿ ‘ਪਦਯਤਰਾ’ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਨੇ ਭਾਜਪਾ ਸ਼ਾਸਿਤ ਐੱੱਮਸੀਡੀ ਵਿੱਚ 2500 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਪਾਰਟੀ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪਾਠਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2500 ਕਰੋੜ ਰੁਪਏ ਦੇ ਘੁਟਾਲੇ ਨੂੰ ਭਾਰਤੀ ਜਨਤਾ ਪਾਰਟੀ ਸ਼ਾਸਤ ਐੱਮਸੀਡੀ ਅਤੇ ਭਾਜਪਾ ਨੇਤਾਵਾਂ ਦੇ ਸ਼ਾਸਨ ਵਾਲੇ ਐੱਮਸੀਡੀ ਵਿੱਚ ਫੈਲਾਉਣ ਦਾ ਕੰਮ ਕੁਝ ਦਿਨ ਪਹਿਲਾਂ ਕੀਤਾ ਹੈ।