ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੂਨ
ਅਗਲੇ ਸਾਲ ਦਿੱਲੀ ਵਿੱਚ ਹੋਣ ਵਾਲੀਆਂ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਭਾਜਪਾ ਤੇ ਇਸ ਦੇ ਕੌਂਸਲਰਾਂ ਖ਼ਿਲਾਫ਼ ਆਪਣੀ ਲੜਾਈ ਵਿੱਢ ਦਿੱਤੀ ਹੈ। ਅੱਜ ‘ਆਪ’ ਵਿਧਾਇਕ ਤੇ ਬੁਲਾਰੇ ਸੌਰਭ ਭਾਰਦਵਾਜ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਤੇ ਦੱਖਣੀ ਦਿੱਲੀ ਨਿਗਮ ਵਿੱਚ ਭਾਜਪਾ ਕੌਂਸਲਰ ਤੇ ਸਦਨ ਦੇ ਆਗੂ ਇੰਦਰਜੀਤ ਸਹਿਰਾਵਤ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ। ਭਾਰਦਵਾਜ ਨੇ ਦੋਸ਼ ਲਾਇਆ ਕਿ ਸਹਿਰਵਤ ਨੇ ਨਾ ਸਿਰਫ ਗ਼ੈਰ ਕਾਨੂੰਨੀ ਤਰੀਕੇ ਨਾਲ ਇੱਕ ਹੋਟਲ ਬਣਾਇਆ, ਬਲਕਿ ਉਸ ਦੀ ਜਾਇਦਾਦ ਵੀ ਪਿਛਲੇ ਤਿੰਨ ਸਾਲਾਂ ਵਿੱਚ ਕਈ ਗੁਣਾ ਵੱਧ ਗਈ ਹੈ। ਚੋਣ ਹਲਫਨਾਮੇ ਅਨੁਸਾਰ 2017 ਵਿੱਚ ਸਹਿਰਾਵਤ ਕੋਲ ਦੋ ਜਾਇਦਾਦ ਤੇ 1.24 ਕਰੋੜ ਰੁਪਏ ਚੱਲ ਤੇ ਅਚੱਲ ਜਾਇਦਾਦ ਸ਼ਾਮਲ ਸਨ। ਭਾਰਦਵਾਜ ਨੇ ਦਾਅਵਾ ਕੀਤਾ ਕਿ ਇੰਦਰਜੀਤ ਸਹਿਰਾਵਤ ਵੱਲੋਂ ਦਾਇਰ ਕੀਤੇ ਹਲਫ਼ਨਾਮੇ ਵਿੱਚ ਇਸ ਦੇ ਵੇਰਵਿਆਂ ਦਾ ਜ਼ਿਕਰ ਨਹੀਂ ਕੀਤਾ ਗਿਆ, ਆਰਟੀਆਈ ਵਿੱਚ ਪਤਾ ਲੱਗਾ ਕਿ ਇੰਦਰਜੀਤ ਸਹਿਰਾਵਤ ਨੇ 20 ਕਰੋੜ ਰੁਪਏ ਦਾ ਇੱਕ ਅਣਅਧਿਕਾਰਤ ਹੋਟਲ ਬਣਾਇਆ। ਦਿੱਲੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਹ ਹੋਟਲ ਢਾਹ ਦਿੱਤਾ ਗਿਆ ਹੈ, ਪਰ ਅਜੇ ਵੀ ਮਹੀਪਾਲਪੁਰ ਵਿੱਚ ਇਹ ਹੋਟਲ ਬਿਨਾਂ ਲਾਇਸੈਂਸ ਦੇ ਚੱਲ ਰਿਹਾ ਹੈ। ‘ਆਪ’ ਵਿਧਾਇਕ ਨੇ ਇਹ ਵੀ ਕਿਹਾ ਕਿ ਐੱਮਸੀਡੀ ਨੇ ਦਿੱਲੀ ਹਾਈ ਕੋਰਟ ਦੇ ਆਦੇਸ਼ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਮਹੀਪਾਲਪੁਰ ਵਿੱਚ ਇਹ ਹੋਟਲ ਬਣ ਰਿਹਾ ਸੀ ਉਦੋਂ ਫੋਟੋਆਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਗਈ ਸੀ। ਇਥੋਂ ਤਕ ਕਿ ਦਿੱਲੀ ਹਾਈ ਕੋਰਟ ਨੇ ਐੱਮਸੀਡੀ ਨੂੰ ਕਾਰਵਾਈ ਕਰਨ ’ਤੇ ਸਥਿਤੀ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ। ਭਾਰਦਵਾਜ ਨੇ ਕਿਹਾ ਕਿ ਐੱਮਸੀਡੀ ਅਨੁਸਾਰ ਕਥਿਤ ਤੌਰ ‘ਤੇ ਹੋਟਲ ਨੂੰ ਸੀਲ ਕਰ ਦਿੱਤਾ ਹੈ ਤੇ ਉਸਾਰੀ ਰੋਕ ਦਿੱਤੀ ਹੈ। ਹਾਲਾਂਕਿ ਅੱਜ ਇਹ ਹੋਟਲ ਪੂਰੀ ਤਰ੍ਹਾਂ ਤਿਆਰ ਹੈ ਤੇ ਬਿਨਾਂ ਲਾਇਸੈਂਸ ਦੇ ਚੱਲ ਰਿਹਾ ਹੈ। ਸਹਿਰਾਵਤ ਨਾਲ ਉਨ੍ਹਾਂ ਦਾ ਪੱਖ ਜਾਨਣ ਲਈ ਸੰਪਰਕ ਕੀਤਾ ਗਿਆ ਪਰ ਹੋ ਨਹੀਂ ਸਕਿਆ।
ਜਾਇਦਾਦ ਦੀ ਜਾਣਕਾਰੀ ਆਮਦਨ ਕਰ ਵਿਭਾਗ ਕੋਲ ਹੈ: ਭਾਰਦਵਾਜ
ਇਸ ਸਬੰਧੀ ਭਾਜਪਾ ਦੇ ਬੁਲਾਰੇ ਪ੍ਰਵੀਨ ਨੇ ਸੌਰਭ ਭਾਰਦਵਾਜ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਭਾਜਪਾ ਕੌਂਸਲਰ ਨੇ ਉਸ ਜਾਇਦਾਦ ਦੀ ਜਾਣਕਾਰੀ ਆਪਣੀ ਆਮਦਨ ਕਰ ਮਹਿਕਮੇ ਨੂੰ ਦਿੱਤੇ ਵੇਰਵਿਆਂ ਵਿੱਚ ਦੱਸੀ ਹੋਈ ਹੈ। ਬੁਲਾਰੇ ਨੇ ਕਿਹਾ ਕਿ ਇਹ ਕੰਮ ਆਮਦਨ ਕਰ ਮਹਿਕਮੇ ਦਾ ਹੈ ਕਿ ਉਹ ਦੇਖੇ ਆਮਦਨ ਕਿਵੇਂ ਬਣੀ ਹੈ, ਨਾ ਕਿ ਆਮ ਆਦਮੀ ਪਾਰਟੀ ਦਾ।