ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਜੂਨ
ਇਥੇ ਭਾਜਪਾ ਆਗੂਆਂ ਨੇ ਕਿਹਾ ਕਿ 25 ਜੂਨ 1975 ਨੂੰ ਕਾਂਗਰਸ ਨੇ ਆਪਣੀ ਤਾਕਤ ਬਚਾਉਣ ਲਈ ਲੋਕਤੰਤਰ ਦਾ ਕਤਲ ਕਰ ਦਿੱਤਾ ਸੀ ਤੇ ਸੰਵਿਧਾਨ ਨੂੰ ਖੋਹ ਕੇ ਦੇਸ਼ ਵਿੱਚ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਸੀ। ਇਸਨੂੰ ਭਾਰਤੀ ਰਾਜਨੀਤੀ ਦੇ ਇਤਿਹਾਸ ਦਾ ਕਾਲਾ ਅਧਿਆਇ ਵੀ ਕਿਹਾ ਜਾਂਦਾ ਹੈ। ਲੋਕਾਂ ਨੂੰ ਕਾਲੇ ਅਧਿਆਇ ਬਾਰੇ ਜਾਗਰੂਕ ਕਰਨ ਲਈ ਇਕ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਕੇਂਦਰੀ ਗ੍ਰਹਿ ਰਾਜ ਰਾਜ ਮੰਤਰੀ ਜੀ ਕਿਸ਼ਨ ਰੈਡੀ, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਦਿੱਲੀ ਇੰਚਾਰਜ ਸ਼ਿਆਮ ਜਾਜੂ, ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ, ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੈ ਗੋਇਲ ਨੇ ਕੀਤਾ। ਆਗੂਆਂ ਨੇ ਐਮਰਜੈਂਸੀ ਨੂੰ ਯਾਦ ਕਰਨ ਲਈ ਲੋਹੇ ਦੀਆਂ ਸਲਾਖਾਂ ਪਿੱਛੇ ਖ਼ੁਦ ਨੂੰ ਖੜ੍ਹਾ ਦਿਖਾਇਆ ਕਿ 1975 ਵਿੱਚ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਬੇਕਸੂਰ ਹੀ ਜੇਲ੍ਹਾਂ ਵਿੱਚ ਡੱਕਿਆ ਗਿਆ ਸੀ।
ਇਸ ਮੌਕੇ ਵਿਧਾਇਕ ਅਜੈ ਮਹਾਵਰ, ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਜੈ ਪ੍ਰਕਾਸ਼, ਉੱਤਰੀ ਦਿੱਲੀ ਨਗਰ ਨਿਗਮ ਵਿੱਚ ਸਥਾਈ ਕਮੇਟੀ ਦੇ ਪ੍ਰਧਾਨਗੀ ਦੇ ਉਮੀਦਵਾਰ, ਚੈਲ ਬਿਹਾਰੀ ਗੋਸਵਾਮੀ, ਸਦਨ ਦੇ ਨੇਤਾ ਯੋਗੇਸ਼ ਵਰਮਾ ਤੇ ਹੋਰ ਅਧਿਕਾਰੀ ਮੌਜੂਦ ਸਨ।
ਸ੍ਰੀ ਰੈਡੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਾਈ ਕੋਰਟ ਦੇ ਫੈਸਲੇ ਨੂੰ ਕੁਚਲਦਿਆਂ ਇੱਕ ਵਿਅਕਤੀ ਦੀ ਕੁਰਸੀ ਬਚਾਉਣ ਲਈ ਇਸ ਦੇਸ਼ ਵਿੱਚ ਐਮਰਜੈਂਸੀ ਲਗਾਈ ਸੀ। ਰਾਹੁਲ ਗਾਂਧੀ ਨੂੰ ਦੇਸ਼ ਵਿਚ ਐਮਰਜੈਂਸੀ ਦੌਰਾਨ ਕਾਂਗਰਸ ਦੁਆਰਾ ਕੀਤੇ ਅੱਤਿਆਚਾਰਾਂ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ ਹੈ। ਐਮਰਜੈਂਸੀ ਦੌਰਾਨ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ, ਰਾਜਨੀਤਿਕ ਪਾਰਟੀਆਂ ‘ਤੇ ਪਾਬੰਦੀ ਲਗਾਈ ਗਈ, ਲੋਕਾਂ ਦੇ ਹਿੱਤਾਂ ਲਈ ਕੰਮ ਕਰ ਰਹੀਆਂ ਸੰਸਥਾਵਾਂ ’ਤੇ ਵੀ ਪਾਬੰਦੀ ਲਗਾਈ ਗਈ। ਜਬਰੀ ਨਸਬੰਦੀ, ਮੀਡੀਆ ਦੀ ਆਜ਼ਾਦੀ ਨੂੰ ਲੋਕਤੰਤਰ ਦੇ ਗੰਧਲੇਪਣ ਨਾਲ ਦਬਾ ਦਿੱਤਾ ਗਿਆ। ਭਾਜਪਾ ਐਮਰਜੈਂਸੀ ਲਗਾ ਕੇ ਸੱਤਾ ਦੀ ਦੁਰਵਰਤੋਂ ਕਰਕੇ ਦੇਸ਼ ਦੇ ਲੋਕਾਂ ਨੂੰ ਕਾਂਗਰਸ ਦੇ ਕਾਲੇ ਕਾਰਨਾਮੇ ਤੋਂ ਜਾਣੂ ਕਰਨ ਲਈ ਹਰ ਸਾਲ 25 ਜੂਨ ਨੂੰ ਪ੍ਰਦਰਸ਼ਨੀ/ਸੈਮੀਨਾਰ ਦਾ ਆਯੋਜਨ ਕਰਦੀ ਹੈ।