ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਆਮ ਆਦਮੀ ਪਾਰਟੀ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਟੌਲ ਟੈਕਸ ਕੰਪਨੀ ਤੇ ਭਾਜਪਾ ਦੀ ਮਿਲੀਭੁਗਤ ਕਾਰਨ ਐੱਮਸੀਡੀ ਨੂੰ 1180 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਲ 2017 ਵਿੱਚ ਇੱਕ ਕੰਪਨੀ ਨੂੰ 1200 ਕਰੋੜ ਰੁਪਏ ਦਾ ਟੌਲ ਟੈਕਸ ਵਸੂਲਣ ਦਾ ਠੇਕਾ ਦਿੱਤਾ ਗਿਆ ਸੀ, ਪਰ ਐੱਮਸੀਡੀ ਕੋਲ ਸਿਰਫ਼ 250 ਕਰੋੜ ਰੁਪਏ ਹੀ ਪੁੱਜੇ। ਇਸੇ ਤਰ੍ਹਾਂ 2021 ਵਿੱਚ ਇਹੀ ਠੇਕਾ ਇੱਕ ਨਵੀਂ ਕੰਪਨੀ ਨੂੰ 786 ਕਰੋੜ ਵਿੱਚ ਦਿੱਤਾ ਗਿਆ ਸੀ। ਹੁਣ ਉਸ ਕੰਪਨੀ ’ਤੇ ਵੀ ਐੱਮਸੀਡੀ ਦਾ 232 ਕਰੋੜ ਰੁਪਏ ਦਾ ਬਕਾਇਆ ਹੈ। ਦੁਰਗੇਸ਼ ਪਾਠਕ ਨੇ ਕਿਹਾ ਕਿ ਸਾਡੇ ਕੋਲ ਇਸ ਸਬੰਧੀ ਕੁਝ ਦਸਤਾਵੇਜ਼ ਹਨ। ਦਿੱਲੀ ਦੇ ਉਪ ਰਾਜਪਾਲ ਤੇ ਐਮਸੀਡੀ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਮੰਗਿਆ ਹੈ। ਪਾਠਕ ਨੇ ਪਾਰਟੀ ਹੈੱਡਕੁਆਰਟਰ ਵਿੱਚ ਕਾਨਫਰੰਸ ਵਿੱਚ ਕਿਹਾ ਕਿ 2017 ਵਿੱਚ ਦਿੱਲੀ ਦਾ ਸਾਰਾ ਟੌਲ ਟੈਕਸ ਵਸੂਲਣ ਦਾ ਠੇਕਾ ਭਾਜਪਾ ਸ਼ਾਸਿਤ ਐੱਮਸੀਡੀ ਨੂੰ ਕਰੀਬ 1200 ਕਰੋੜ ਰੁਪਏ ਦਾ ਸੀ। ਉਨ੍ਹਾਂ ਕਿਹਾ ਕਿ ਉਹੀ ਠੇਕਾ 2021 ਵਿੱਚ ਇੱਕ ਨਵੀਂ ਕੰਪਨੀ ਨੂੰ ਸਿਰਫ਼ 786 ਕਰੋੜ ਵਿੱਚ ਦਿੱਤਾ ਗਿਆ ਸੀ। ਦੁਰਗੇਸ਼ ਪਾਠਕ ਨੇ ਦੱਸਿਆ ਕਿ ਇਹ ਦੋਵੇਂ ਕੰਪਨੀਆਂ ਦਾ ਮਾਲਕ ਇੱਕੋ ਹੈ।