ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜਨਵਰੀ
ਭਾਰਤੀ ਜਨਤਾ ਪਾਰਟੀ ਨੂੰ ਸੂਬੇ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੱਡਾ ਝਟਕਾ ਲੱਗਾ ਹੈ। ਭਾਜਪਾ ਵਿਧਾਇਕ ਅਵਤਾਰ ਸਿੰਘ ਭਡਾਣਾ ਬੁੱਧਵਾਰ ਨੂੰ ਦਿੱਲੀ ਵਿੱਚ ਪਾਰਟੀ ਪ੍ਰਧਾਨ ਜੈਯੰਤ ਚੌਧਰੀ ਦੀ ਮੌਜੂਦਗੀ ਵਿੱਚ ਪਾਰਟੀ ਛੱਡ ਕੇ ਰਾਸ਼ਟਰੀ ਲੋਕ ਦਲ (ਆਰਐੱਲਡੀ) ਵਿੱਚ ਸ਼ਾਮਲ ਹੋ ਗਏ। ਭੰਡਾਣਾ ਗੌਤਮ ਬੁੱਧ ਨਗਰ ਦੀ ਜੇਵਰ ਸੀਟ ਤੋਂ ਆਰਐੱਲਡੀ ਦੀ ਟਿਕਟ ’ਤੇ ਚੋਣ ਲੜਨ ਦੀ ਸੰਭਾਵਨਾ ਹੈ, ਜੋ ਕਿ ਗੁੱਜਰ ਬਹੁ-ਵਸੋਂ ਵਾਲਾ ਖੇਤਰ ਹੈ। ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਭਾਜਪਾ ਦੇ ਕਈ ਨੇਤਾਵਾਂ ਨੇ ਪਾਰਟੀ ਛੱਡ ਦਿੱਤੀ ਹੈ। ਭਡਾਣਾ ਮੌਜੂਦਾ ਸਮੇਂ ’ਚ ਮੁਜ਼ੱਫਰਨਗਰ ਦੀ ਮੀਰਾਪੁਰ ਸੀਟ ਤੋਂ ਵਿਧਾਇਕ ਹਨ। ਦਿੱਲੀ ’ਚ ਉਨ੍ਹਾਂ ਨੇ ਬੁੱਧਵਾਰ ਨੂੰ ਜੈਯੰਤ ਚੌਧਰੀ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਹ ਰਸਮੀ ਤੌਰ ’ਤੇ ਰਾਸ਼ਟਰੀ ਲੋਕ ਦਲ ਵਿੱਚ ਸ਼ਾਮਲ ਹੋ ਗਏ। ਯੋਗੀ ਮੰਤਰੀ ਮੰਡਲ ’ਚ ਸ਼ਾਮਲ ਸਵਾਮੀ ਪ੍ਰਸਾਦ ਮੌਰਿਆ ਨੇ ਮੰਗਲਵਾਰ ਨੂੰ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਪਾਰਟੀ ਦੇ ਹੋਰ ਵਿਧਾਇਕਾਂ ਨਾਲ ਸਮਾਜਵਾਦੀ ਪਾਰਟੀ (ਸਪਾ) ’ਚ ਸ਼ਾਮਲ ਹੋ ਗਏ ਸਨ। ਆਰਐੱਲਡੀ ਦੇ ਪ੍ਰਧਾਨ ਜੈਯੰਤ ਚੌਧਰੀ ਨੇ ਟਵੀਟ ਕੀਤਾ ਕਿ ਭਡਾਣਾ ਨੂੰ ਰਸਮੀ ਤੌਰ ’ਤੇ ਆਰਐੱਲਡੀ ਵਿੱਚ ਸ਼ਾਮਲ ਕਰਕੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਗਈ ਹੈ।
2017 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਤੋਂ ਭਾਜਪਾ ’ਚ ਆਏ ਭਡਾਣਾ ਨੂੰ ਗੁੱਜਰ ਭਾਈਚਾਰੇ ਦੇ ਚੋਟੀ ਦੇ ਨੇਤਾਵਾਂ ’ਚੋਂ ਇਕ ਮੰਨਿਆ ਜਾਂਦਾ ਹੈ। ਉਸਨੇ 1999 ਵਿੱਚ ਮੇਰਠ-ਮਵਾਨਾ ਲੋਕ ਸਭਾ ਸੀਟ ਕਾਂਗਰਸ ਦੀ ਟਿਕਟ ’ਤੇ ਜਿੱਤੀ ਸੀ। ਉਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਸਪਾ ਉਮੀਦਵਾਰ ਨੂੰ ਸਿਰਫ 193 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸੀਨੀਅਰ ਆਗੂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਯੋਗੀ ਮੰਤਰੀ ਮੰਡਲ ਵਿੱਚ ਥਾਂ ਨਹੀਂ ਦਿੱਤੀ ਗਈ। ਉਹ ਫਰੀਦਾਬਾਦ ਤੋਂ ਕਾਂਗਰਸ ਲਈ ਸਾਂਸਦ ਬਣੇ ਤੇ ਦੇਵੀ ਲਾਲ ਦੀ ਅਗਵਾਈ ਹੇਠਲੀ ਹਰਿਆਣਾ ਸਰਕਾਰ ਸਮੇਂ 6 ਮਹੀਨੇ ਲਈ ਬਿਨਾ ਵਿਧਾਇਕੀ ਦੇ ਮੰਤਰੀ ਬਣਾਏ ਗਏ ਸਨ।