ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਸਤੰਬਰ
ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਸਬੰਧ ਵਿੱਚ ਵਿਜੇ ਨਾਇਰ ਦੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ, ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ (ਭਾਜਪਾ) ਦੀ ਕੋਸ਼ਿਸ਼ ਹੈ ਕਿ ਕੁੱਝ ਵੀ ਕਰਕੇ ਆਮ ਆਦਮੀ ਪਾਰਟੀ ਨੂੰ ਕੁਚਲ ਦਿਓ ਪਰ ਨਾਇਰ ਵਰਗਿਆਂ ਦੀ ਗ੍ਰਿਫ਼ਤਾਰੀ ਨਾਲ ਕਾਰਕੁਨਾਂ ਵਿੱਚ ਜ਼ੋਸ਼ ਹੋਰ ਵਧ ਗਿਆ ਹੈ। ਕੇਜਰੀਵਾਲ ਨੇ ਨਾਇਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਇਸ ਲਈ ਗ੍ਰਿਫਤਾਰ ਨਹੀਂ ਕੀਤਾ ਕਿਉਂਕਿ ਉਸ ਨੇ ਕੁਝ ਗਲਤ ਕੀਤਾ ਹੈ ਪਰ ਉਨ੍ਹਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਕਿਉਂਕਿ ਉਹ ਗੁਜਰਾਤ ਵਿੱਚ ‘ਆਪ’ ਦੀ ਸੰਚਾਰ ਰਣਨੀਤੀ ਨੂੰ ਸੰਭਾਲ ਰਿਹਾ ਸੀ।
ਨਾਇਰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾਣ ਵਾਲੇ ਪਹਿਲੇ ਵਿਅਕਤੀ ਹਨ ਜਿਸ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 15 ਲੋਕ ਮੁਲਜ਼ਮ ਹਨ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦੋਸ਼ ਲਾਇਆ ਹੈ ਕਿ ਨਾਇਰ ਨੇ ਇੱਕ ਸ਼ਰਾਬ ਫਰਮ ਦੇ ਮਾਲਕ ਤੋਂ ਰਿਸ਼ਵਤ ਲਈ ਸੀ।
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ‘ਆਪ’ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦੇ ਮੌਕੇ ’ਤੇ ਬੋਲਦਿਆਂ ਕੇਜਰੀਵਾਲ ਨੇ ਉਸ ਗੱਲ ਨੂੰ ਦੁਹਰਾਇਆ ਕਿ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਦੇ ਹੋਰ ਨੇਤਾ ਕੀ ਕਹਿ ਰਹੇ ਹਨ। ਨਾਇਰ ਇੱਕ ਛੋਟਾ ਕਾਰਕੁਨ ਹੈ ਤੇ ਉਸ ਦਾ ਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਸ ਨੂੰ ਪਿਛਲੇ ਚਾਰ-ਪੰਜ ਦਿਨਾਂ ਤੋਂ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਸੀ ਤੇ ਸਿਸੋਦੀਆ ਦਾ ਨਾਂ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਕਿਸੇ ਨਾ ਕਿਸੇ ਤਰ੍ਹਾਂ ‘ਆਪ’ ਨੂੰ ਕੁਚਲਣ ਦੀ ਹੈ। ਅਸੀਂ ਪੰਜਾਬ ਜਿੱਤ ਲਿਆ। ਹੁਣ, ਗੁਜਰਾਤ ਵਿੱਚ ਵੀ, ‘ਜ਼ਬਰਦਸਤ ਮਾਹੌਲ’ ਹੈ’। ਕੇਜਰੀਵਾਲ ਨੇ ਪਾਰਟੀ ਦੇ ਸਟੈਂਡ ਬਾਰੇ ਵਿਸਥਾਰ ਵਿੱਚ ਕਿਹਾ ਕਿ ‘ਆਪ’ ਆਗੂਆਂ ਉਤੇ ਛਾਪੇ ਤੇ ਗ੍ਰਿਫਤਾਰੀਆਂ ਗੁਜਰਾਤ ਵਿੱਚ ਪਾਰਟੀ ਦੀ ‘ਵਧ ਰਹੀ ਲੋਕਪ੍ਰਿਅਤਾ’ ਕਾਰਨ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਭਗਤ ਸਿੰਘ ਅੰਗਰੇਜ਼ਾਂ ਨਾਲ ਲੜੇ। ਸਾਨੂੰ ਉਨ੍ਹਾਂ ਦੇ ਬਲੀਦਾਨ ਤੋਂ ਪ੍ਰੇਰਣਾ ਲੈਣੀ ਹੈ। ਹੁਣ ਸਾਨੂੰ ਇਨ੍ਹਾਂ ਲੁਟੇਰਿਆਂ ਨੂੰ ਦੇਸ਼ ਤੋਂ ਆਜ਼ਾਦ ਕਰਵਾਉਣਾ ਹੈ ਇਹ ‘ਆਪ’ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਪਾਉਣਗੇ, ਜੇ ਕਾਰਕੁਨਾਂ ਨੂੰ ਜੇਲ੍ਹ ਜਾਣ ਤੋਂ ਡਰ ਲੱਗਦਾ ਤਾਂ ਅੱਜ ਹੀ ਪਾਰਟੀ ਛੱਡ ਦਿਓ। ਕੇਜਰੀਵਾਲ ਨੇ ਇਹ ਵੀ ਦੋਸ਼ ਲਾਇਆ ਕਿ ਸਿਸੋਦੀਆ ਨੂੰ ਇੱਕ ਹਫ਼ਤੇ ਤੋਂ 10 ਦਿਨਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਭਾਜਪਾ ਨੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੋਂ ਅਸਤੀਫਾ ਮੰਗਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਸਮੀਰ ਮਹਿੰਦਰਾ ਦੀ ਈਡੀ ਵੱਲੋਂ ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਸਾਫ਼ ਹੋ ਗਿਆ ਹੈ ਕਿ ਕੇਜਰੀਵਾਲ ਸਰਕਾਰ ਇਮਾਨਦਾਰੀ ਦਾ ਮਖੌਟਾ ਪਾ ਕੇ ਭ੍ਰਿਸ਼ਟਾਚਾਰ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਮੀਰ ਮਹਿੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਗੁਪਤਾ ਨੇ ਕਿਹਾ ਕਿ ਭਾਜਪਾ ਇਸ ਘੁਟਾਲੇ ਦੀ ਸ਼ਿਕਾਇਤ ਉਸ ਦਿਨ ਤੋਂ ਕਰ ਰਹੀ ਹੈ ਜਦੋਂ ਕੇਜਰੀਵਾਲ ਸਰਕਾਰ ਨੇ ਸ਼ਰਾਬ ਨੀਤੀ ਵਿੱਚ ਬਦਲਾਅ ਕੀਤਾ ਸੀ। ਭਾਜਪਾ ਨੇ ਵੀ ਇਸ ਮਾਮਲੇ ਵਿੱਚ ਕਈ ਵਾਰ ਜਾਂਚ ਦੀ ਮੰਗ ਕੀਤੀ ਹੈ ਅਤੇ ਪਿਛਲੇ ਸਾਲ ਅਕਤੂਬਰ ਵਿੱਚ ਵੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸ਼ਰਾਬ ਘੁਟਾਲੇ ਵਿੱਚ ਵਿਜੇ ਨਾਇਰ ਤੋਂ ਬਾਅਦ ਹੁਣ ਈਡੀ ਵੱਲੋਂ ਮਨੀਸ਼ ਸਿਸੋਦੀਆ ਦੇ ਕਰੀਬੀ ਸਾਥੀ ਸਮੀਰ ਮਹਿੰਦਰਾ ਦੀ ਗ੍ਰਿਫ਼ਤਾਰੀ ਇਹ ਸਪੱਸ਼ਟ ਕਰਦੀ ਹੈ ਕਿ ਸਿਸੋਦੀਆ ਇਸ ਘੁਟਾਲੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ ਅਤੇ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਸਰਕਾਰ ਵੱਲੋਂ ਨਵੀਂ ਸ਼ਰਾਬ ਨੀਤੀ ਨਾਲ ਸਬੰਧਤ ਠੇਕੇਦਾਰਾਂ ਦੇ 10 ਫ਼ੀਸਦੀ ਕਮਿਸ਼ਨ ਵਿੱਚ ਅਚਾਨਕ ਵਾਧਾ ਕੀਤੇ ਜਾਣ ਨਾਲ ਸਪੱਸ਼ਟ ਹੈ ਕਿ ਇਸ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ।
ਸਾਡਾ ਉਜਾਗਰ ਕੀਤਾ ਸ਼ਰਾਬ ਘੁਟਾਲਾ ਆਪਣੀਆਂ ਪਰਤਾਂ ਖੋਲ੍ਹ ਰਿਹੈ : ਕਾਂਗਰਸ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਕਾਂਗਰਸ ਵੱਲੋਂ ਉਜਾਗਰ ਕੀਤਾ ਗਿਆ ਸ਼ਰਾਬ ਘੁਟਾਲਾ ਹੌਲੀ-ਹੌਲੀ ਆਪਣੀਆਂ ਪਰਤਾਂ ਫਰੋਲ ਰਿਹਾ ਹੈ ਤੇ ਇਸੇ ਕੜੀ ਵਿੱਚ ਸੀਬੀਆਈ ਕੇਜਰੀਵਾਲ ਦੇ ਕਰੀਬ ਆ ਗਈ ਹੈ। ਆਮ ਆਦਮੀ ਪਾਰਟੀ ਦੇ ਸੰਚਾਰ ਵਿਭਾਗ ਦੇ ਮੁਖੀ ਵਿਜੇ ਨਾਇਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਇੰਡੋਸਪ੍ਰੀਤ ਗਰੁੱਪ ਦੇ ਸਮੀਰ ਮਹਿੰਦਰੂ ਦੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਹੀ ਸ਼ਰਾਬ ਘੁਟਾਲੇ ਦਾ ਮੁਖੀ ਮਨੀਸ਼ ਸਿਸੋਦੀਆ ਵੀ ਜੇਲ੍ਹ ਵਿੱਚ ਹੋਵੇਗਾ, ਕਿਉਂਕਿ ਕੇਜਰੀਵਾਲ ਖੁਦ ਮੰਨ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਸਿਸੋਦੀਆ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸੂਬਾ ਕਾਂਗਰਸ ਨੇ ਸ਼ਰਾਬ ਮੰਤਰੀ ਮਨੀਸ਼ ਸਿਸੋਦੀਆ ਦੇ ਅਸਤੀਫੇ ਦੀ ਮੰਗ ਕੀਤੀ ਹੈ, ਕਿਉਂਕਿ ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ਦੇ ਮੁਖੀ ਹਨ। ਸੂਬਾ ਪ੍ਰਧਾਨ ਨੇ ਇਹ ਬਿਆਨ ਸੂਬਾ ਦਫਤਰ ਵਿੱਚ ਕਰਵਾਏ ਪੱਤਰਕਾਰ ਸੰਮੇਲਨ ਵਿੱਚ ਦਿੱਤਾ। ਸ੍ਰੀ ਕੁਮਾਰ ਨੇ ਕਿਹਾ ਕਿ ਪ੍ਰੈੱਸ ਕਾਨਫਰੰਸ ਵਿੱਚ ਕੇਜਰੀਵਾਲ ਵਿਜੇ ਨਾਇਰ ਨੂੰ ਪਾਰਟੀ ਦਾ ਛੋਟਾ ਜਿਹਾ ਵਰਕਰ ਦੱਸਦੇ ਹਨ, ਜਦਕਿ ਦੂਜੇ ਪਾਸੇ ਪਾਰਟੀ ਦੇ ਸੰਚਾਰ ਵਿਭਾਗ ਦੇ ਇੰਚਾਰਜ ਵਜੋਂ ਉਨ੍ਹਾਂ ਨੂੰ ਪੰਜਾਬ ਅਤੇ ਗੁਜਰਾਤ ਦੀ ਕਮਾਨ ਸੌਂਪਣ ਲਈ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਘੁਟਾਲੇ ਵਿੱਚ ਕਲੀਨ ਚਿੱਟ ਦੀ ਗੱਲ ਕਰਨ ਵਾਲੇ ਵਿਜੇ ਨਾਇਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੇਜਰੀਵਾਲ ਸਿਸੋਦੀਆ ਮੀਡੀਆ ਦੇ ਸਵਾਲਾਂ ਤੋਂ ਕਿਉਂ ਭੱਜ ਰਹੇ ਹਨ।