ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਜੁਲਾਈ
ਗੈਰ-ਕਾਨੂੰਨੀ ਗਤੀਵਿਧੀ ਰੋਕੂ ਅਧਿਨਿਯਮ (ਯੂਏਪੀਏ) ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿੱਚ ਚੱਲ ਰਹੀ ਤਕਰਾਰ ’ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੋਵਾਂ ਆਗੂਆਂ ਨੂੰ ਪੰਜਾਬ ਨੂੰ ਪੁਲੀਸ ਸਟੇਟ ਬਣਾਉਣ ਵੱਲ ਲੈ ਜਾਣ ਦਾ ਦੋਸ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਯੂਏਪੀਏ ਦੀ ਦੁਰਵਰਤੋਂ ਦਾ ਕੈਪਟਨ ਉੱਤੇ ਦੋਸ਼ ਲਾ ਕੇ ਸੁਖਬੀਰ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਜੋ ਕੰਮ ਅੱਜ ਕੈਪਟਨ ਸਰਕਾਰ ਕਰ ਰਹੀ ਹੈ,ਉਹਦੀ ਨੀਂਹ ਸੁਖਬੀਰ ਨੇ ਸੂਬੇ ਦਾ ਗ੍ਰਹਿ ਮੰਤਰੀ ਰਹਿੰਦੇ ਆਪ ਪਾਈ ਸੀ। ਅਕਾਲੀ ਸਰਕਾਰ ਦੇ ਸਮੇਂ ਯੂਏਪੀਏ ਦੇ ਤਹਿਤ 60 ਕੇਸ ਦਰਜ ਹੋਏ ਸਨ ਅਤੇ 225 ਲੋਕ ਗ੍ਰਿਫ਼ਤਾਰ ਹੋਏ ਸਨ, ਜਿਸ ਵਿੱਚੋਂ 120 ਲੋਕ ਬਾਅਦ ਵਿੱਚ ਬਰੀ ਹੋ ਗਏ ਸਨ।
ਇਸ ਦੇ ਨਾਲ ਸਾਫ਼ ਪਤਾ ਲਗਦਾ ਹੈ ਕਿ ਸੁਖਬੀਰ ਸਮੇਂ ਪੁਲੀਸ ਨੇ ਨਿਰਦੋਸ਼ਾਂ ਉੱਤੇ ਯੂਏਪੀਏ ਲਗਾ ਕੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕੀਤੀ ਸੀ। ਹੁਣ ਇਹੀ ਕੰਮ ਕੈਪਟਨ ਦੀ ਸਰਕਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ 2015 ਵਿੱਚ 1209 ਲੋਕਾਂ ਦੇ ਖ਼ਿਲਾਫ਼ ਯੂਏਪੀਏ ਦੇ ਮਾਮਲੇ ਪੈਂਡਿੰਗ ਸਨ ਅਤੇ ਸੁਣਵਾਈ ਸਿਰਫ਼ 76 ਲੋਕਾਂ ਦੇ ਮਾਮਲਿਆਂ ਵਿੱਚ ਪੂਰੀ ਹੋਈ ਸੀ।
ਇਸ 76 ਵਿੱਚੋਂ ਸਿਰਫ਼ 11 ਦੋਸ਼ੀ ਪਾਏ ਗਏ ਅਤੇ 65 ਬਰੀ ਕਰ ਦਿੱਤੇ ਗਏ ਸਨ। ਇਨ੍ਹਾਂ ਆਕੜਿਆਂ ਤੋਂ ਸਾਫ਼ ਪਤਾ ਲਗਦਾ ਹੈ ਕਿ ਕਿਤੇ ਨਾ ਕਿਤੇ ਪੁਲੀਸ ਇਸ ਕਾਨੂੰਨ ਦੀ ਵਰਤੋਂ ਕਰਨ ਸਮੇਂ ਸਬੂਤਾਂ ਅਤੇ ਤੱਥਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪਰਵਾਸੀ ਭਾਰਤੀ ਜੱਗੀ ਜੌਹਲ ਦਾ ਵੀ ਹਵਾਲਾ ਦਿੱਤਾ, ਜਿਸ ਨੂੰ ਜੇਲ੍ਹ ਵਿੱਚ ਬੰਦ ਹੋਏ 1000 ਦਿਨ ਹੋ ਗਏ ਹਨ, ਪਰ ਪੁਲੀਸ ਹੁਣ ਤੱਕ ਉਸ ਦੇ ਖ਼ਿਲਾਫ਼ ਸਬੂਤ ਪੇਸ਼ ਨਹੀਂ ਕਰ ਪਾਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਨ੍ਹਾਂ ਕਰਨ ਦੇ ਬਾਵਜੂਦ ਉਸ ਨੂੰ ਦਿੱਲੀ ਲਿਆਂਦਾ ਗਿਆ ਹੈ।