ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਅਪਰੈਲ
ਦਿੱਲੀ-ਐੱਨਸੀਆਰ ਦੇ ਸਕੂਲਾਂ ਵਿੱਚ 2 ਸਾਲ ਮਗਰੋਂ ਆਖ਼ਰਕਾਰ ਵਿਦਿਆਰਥੀਆਂ ਦੇ ਪੈਰ ਪਏ। ਅੱਜ ਆਫਲਾਈਨ ਜਮਾਤਾਂ ਲਈ ਸਕੂਲ ਖੁੱਲ੍ਹਣ ਮਗਰੋਂ ਸਕੂਲਾਂ ਵਿੱਚ ਬੱਚਿਆਂ ਨਾਲ ਉਸ ਤਰ੍ਹਾਂ ਦੀਆਂ ਰੌਣਕਾਂ ਦੁਬਾਰਾ ਪਰਤ ਆਈਆਂ ਜੋ ਕਰੋਨਾਵਾਇਰਸ ਦੇ ਫੈਲਣ ਤੋਂ ਪਹਿਲਾਂ ਮਾਰਚ 2020 ਦੇ ਸ਼ੁਰੂ ਵਿੱਚ ਸਨ। ਪਹਿਲਾ ਦਿਨ ਥੋੜ੍ਹਾ ਹਫੜਾ-ਦਫੜੀ ਵਾਲਾ ਰਿਹਾ। ਖਾਸ ਤੌਰ ‘ਤੇ ਮਾਪਿਆਂ ਲਈ, ਕਿਉਂਕਿ ਕੁਝ ਸਕੂਲੀ ਬੱਸਾਂ ਦੇਰੀ ਨਾਲ ਚੱਲ ਰਹੀਆਂ ਸਨ ਅਤੇ ਉਨ੍ਹਾਂ ਨੂੰ ਦੇਰੀ ਬਾਰੇ ਕਈ ਸੁਨੇਹੇ ਮਿਲੇ ਸਨ। ਜ਼ਿਕਰਯੋਗ ਹੈ ਕਿ ਕੌਮੀ ਰਾਜਧਾਨੀ ਦੇ ਸਕੂਲ ਮਾਰਚ 2020 ਵਿੱਚ ਕਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼-ਵਿਆਪੀ ਤਾਲਾਬੰਦੀ ਤੋਂ ਪਹਿਲਾਂ ਬੰਦ ਕਰ ਦਿੱਤੇ ਗਏ ਸਨ। ਕੌਮੀ ਪ੍ਰੋਗਰੈਸਿਵ ਸਕੂਲਜ਼ ਕਾਨਫਰੰਸ (ਐਨਪੀਐਸਸੀ) ਜਿਸ ਦੇ 120 ਤੋਂ ਵੱਧ ਪ੍ਰਾਈਵੇਟ ਸਕੂਲ ਮੈਂਬਰ ਹਨ, ਦੀ ਚੇਅਰਪਰਸਨ ਸੁਧਾ ਆਚਾਰੀਆ ਨੇ ਕਿਹਾ ਕਿ ਵਿਦਿਆਰਥੀ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸ੍ਰੀਮਤੀ ਸੁਧਾ ਨੇ ਕਿਹਾ ਕਿ ਇਹ ਦੋ ਸਾਲਾਂ ਬਾਅਦ ਹੈ ਜਦੋਂ ਸਕੂਲ ਦੁਬਾਰਾ ਖੁੱਲ੍ਹ ਰਹੇ ਹਨ ਤੇ ਵਿਦਿਆਰਥੀਆਂ ਵਿੱਚ ਸਕੂਲ ਵਾਪਸ ਆਉਣ ’ਤੇ ਉਤਸ਼ਾਹ ਹੈ। ਸੁਧਾ ਆਚਾਰੀਆ ਆਈਟੀਐੱਲ ਪਬਲਿਕ ਸਕੂਲ ਦਵਾਰਕਾ ਦੇ ਪ੍ਰਿੰਸੀਪਲ ਵੀ ਹਨ। ਅੱਜ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਨੋਇਡਾ ਐਕਸਟੈਂਸ਼ਨ ਸਥਿਤ ਰਾਮ ਗਲੋਬਲ ਸਕੂਲ ਦੀ 5ਵੀਂ ਜਮਾਤ ਦੇ ਵਿਦਿਆਰਥੀ ਦੇ ਮਾਤਾ-ਪਿਤਾ ਰਸ਼ਮੀ ਤੇ ਦੀਕਸ਼ਿਤ ਨੇ ਕਿਹਾ, ‘ਮੇਰਾ ਬੇਟਾ ਪਹਿਲਾਂ ਨਾਗਪੁਰ ਵਿੱਚ ਪੜ੍ਹਦਾ ਸੀ ਅਤੇ ਅੱਜ ਉਸ ਦੇ ਨਵੇਂ ਸਕੂਲ ਵਿੱਚ ਪਹਿਲਾ ਦਿਨ ਹੈ। ਉਹ ਪਿਛਲੇ ਇੱਕ ਸਾਲ ਤੋਂ ਇਸ ਸਕੂਲ ਦੀਆਂ ਆਨਲਾਈਨ ਕਲਾਸਾਂ ਲਗਾ ਰਿਹਾ ਸੀ। ਉਹ ਆਪਣੇ ਦੋਸਤਾਂ ਨਾਲ ਮੁਲਾਕਾਤ ਕਰੇਗਾ। ਵਿਦਿਆਰਥੀ ਆਨਲਾਈਨ ਕਲਾਸਾਂ ਦੇ ਵਿਚਾਰ ਨਾਲ ਅਰਾਮਦੇਹ ਹੋ ਗਏ ਸਨ ਪਰ ਇਹ ਉਨ੍ਹਾਂ ਲਈ ਇੱਕ ਚੰਗੀ ਤਬਦੀਲੀ ਹੋਵੇਗੀ ਕਿਉਂਕਿ ਉਹ ਇੱਕ ਸਹੀ ਰੁਟੀਨ ਵਿੱਚ ਵਾਪਸ ਆ ਜਾਣਗੇ।’ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਸਹਿਮਤੀ ਨਾਲ ਹੀ ਸਕੂਲਾਂ ਵਿੱਚ ਕਲਾਸਾਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ।