ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਫਰਵਰੀ
ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਬਜਟ ਬਾਰੇ ਦਿੱਲੀ ਵਾਸੀਆਂ ਵੱਲੋਂ ਮਿਲਿਆ-ਜੁਲਿਆ ਹੁੰਗਾਰਾ ਦੇਖਣ ਨੂੰ ਮਿਲਿਆ ਹੈ। ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐਸ) ਦੇ ਦਿੱਲੀ ਸਟੇਟ ਕਮੇਟੀ ਦੇ ਮੈਂਬਰ ਭੀਮ ਕੁਮਾਰ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਕੇਂਦਰੀ ਬਜਟ 2022 ਸਰਕਾਰ ਦੀ ਪਿੱਠ ਥਪਥਪਾਉਣ ਵਾਲਾ ਬਜਟ ਹੈ ਜਿਸ ਦਾ ਨੌਜਵਾਨਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂ ਕੋਈ ਲਾਭ ਨਹੀਂ ਹੈ। ਇਹ ਬਜਟ ਦੇਸ਼ ਵਿੱਚ ਫੈਲੇ ਬੇਰੁਜ਼ਗਾਰੀ ਦੇ ਵਿਆਪਕ ਸੰਕਟ ਬਾਰੇ ਪੂਰੀ ਤਰ੍ਹਾਂ ਖਾਮੋਸ਼ ਹੈ। ਦੇਸ਼ ਭਰ ਵਿੱਚ ਫੈਲੀ ਬੇਰੁਜ਼ਗਾਰੀ ਦੇ ਬਾਵਜੂਦ ਵਿੱਤ ਮੰਤਰੀ ਵੱਲੋਂ ਕੋਈ ਠੋਸ ਯੋਜਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ। ਵਿੱਤ ਮੰਤਰੀ ਵੱਲੋਂ ਸਿਰਫ਼ ਝੂਠਾ ਭਰੋਸਾ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਾਲਾਂ ਵਿੱਚ 60 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਇਸ ਨੂੰ ਵਿੱਤ ਮੰਤਰੀ ਵੱਲੋਂ ਆਮ ਜਨਤਾ ਨੂੰ ਮੂਰਖ ਬਣਾਉਣ ਲਈ ਕੀਤੇ ਜਾ ਰਹੇ ਝੂਠੇ ਵਾਅਦਿਆਂ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਫੈੱਡਰੇਸ਼ਨ ਆਫ਼ ਸਦਰ ਬਾਜ਼ਾਰ ਵਪਾਰੀ ਐਸੋਸੀਏਸ਼ਨ ਦੇ ਉਪ ਚੇਅਰਮੈਨ ਪਰਮਜੀਤ ਸਿੰਘ ਪੰਮਾ ਨੇ ਵਿੱਤ ਮੰਤਰੀ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ਨੂੰ ਨਿਰਾਸ਼ਾਜਨਕ ਦੱਸਿਆ ਹੈ। ਇਸ ਬਜਟ ਵਿੱਚ ਸਰਕਾਰ ਤੋਂ ਬਹੁਤ ਉਮੀਦਾਂ ਸਨ ਨਾ ਤਾਂ ਆਮਦਨ ਕਰ ਦੀ ਸੀਮਾ ਵਧਾਈ ਤੇ ਨਾ ਹੀ ਵਪਾਰੀਆਂ ਲਈ ਕਿਸੇ ਕਿਸਮ ਦੇ ਪੈਕੇਜ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਰੋਨਾ ਦੇ ਦੌਰ ਵਿੱਚ ਮੱਧ ਵਰਗ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਤੇ ਹੁਣ ਬਜਟ ਵਿੱਚ ਕਿਸੇ ਵਪਾਰੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ, ਜਿਸ ਨਾਲ ਵਪਾਰ ਜਗਤ ’ਚ ਕਾਫ਼ੀ ਨਿਰਾਸ਼ਾ ਹੈ।
ਕੇਂਦਰੀ ਬਜਟ ਵਿੱਚ ਦਿੱਲੀ ਪੁਲੀਸ ਨੂੰ ਖੁੱਲ੍ਹੇ ਗੱਫੇ
ਕੇਂਦਰ ਸਰਕਾਰ ਵੱਲੋਂ ਇਸ ਵਾਰ ਦੇ ਬਜਟ ਵਿੱਚ ਦਿੱਲੀ ਪੁਲੀਸ ਨੂੰ ਖੁੱਲ੍ਹੇ ਗੱਫੇ ਦਿੱਤੇ ਗਏ ਹਨ। ਵਿੱਤੀ ਸਾਲ 2022-23 ਲਈ ਦੇਸ਼ ਦਾ ਆਮ ਬਜਟ ਵਿੱਚ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਇਸ ਚੌਥੇ ਬਜਟ ਵਿੱਚ ਰਾਸ਼ਟਰੀ ਰਾਜਧਾਨੀ ਦਿੱਲੀ ਪੁਲੀਸ ਨੂੰ ਖੁੱਲ੍ਹ ਕੇ ਖਰਚ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਬਜਟ ਵਿੱਚ ਆਪਣੇ ਖਜ਼ਾਨੇ ਵਿੱਚੋਂ ਖਰਚ ਕਰਨ ਦੀ ਐਲਾਨੀ ਗਈ ਵੱਡੀ ਰਕਮ ਨੂੰ ਸੁਣ ਕੇ ਦਿੱਲੀ ਪੁਲੀਸ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਸਰਕਾਰ ਨੇ ਲਾਟਰੀ ਕੱਢ ਦਿੱਤੀ ਹੈ। ਪਿਛਲੇ ਵਿੱਤੀ ਸਾਲ ਦੇ ਬਜਟ ਦੇ ਮੁਕਾਬਲੇ ਇਸ ਵਾਰ 1701.03 ਕਰੋੜ ਦੀ ਜ਼ਿਆਦਾ ਰਾਸ਼ੀ ਦਿੱਲੀ ਪੁਲੀਸ ਦੇ ਨਾਂ ‘ਤੇ ਅਲਾਟ ਕੀਤੀ ਗਈ ਹੈ ਜੋ ਕਿ ਪਿਛਲੇ ਕਈ ਬਜਟਾਂ ਵਿੱਚ ਹੁਣ ਤੱਕ ਦਿੱਲੀ ਪੁਲੀਸ ਨੂੰ ਮਿਲੀ ਰਕਮ ਤੋਂ ਕਿਤੇ ਵੱਧ ਹੈ। ਅੱਜ ਜਾਰੀ ਕੀਤੇ ਗਏ ਇਸ ਬਜਟ ਵਿੱਚ ਦਿੱਲੀ ਪੁਲੀਸ ਲਈ ਕੁੱਲ 10 ਹਜ਼ਾਰ 355.29 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੋ ਪਿਛਲੇ ਵਿੱਤੀ ਸਾਲ (2021-2022) ਵਿੱਚ ਸਿਰਫ਼ 8 ਹਜ਼ਾਰ 654.26 ਕਰੋੜ ਸੀ। ਇਸ ਨਵੇਂ ਬਜਟ ਵਿੱਚ ਦਿੱਲੀ ਪੁਲੀਸ ਦੀਆਂ ਇਮਾਰਤਾਂ ਦੇ ਨਿਰਮਾਣ ਅਤੇ ਰੱਖ-ਰਖਾਅ ਤੇ ਦਿੱਲੀ ਦੀ ਸੁਰੱਖਿਆ ਨੂੰ ਮੁੱਖ ਰੱਖਿਆ ਗਿਆ ਹੈ। ਇਸ ਦਾ ਨਾ ਸਿਰਫ਼ ਧਿਆਨ ਰੱਖਿਆ ਗਿਆ ਹੈ ਸਗੋਂ ਬਜਟ ਜਾਰੀ ਕਰਨ ਸਮੇਂ ਕੇਂਦਰੀ ਵਿੱਤ ਮੰਤਰਾਲੇ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜਾਰੀ ਕੀਤੇ ਗਏ 10 ਹਜ਼ਾਰ 355.29 ਕਰੋੜ ਦੇ ਬਜਟ ਦੀ ਵਰਤੋਂ ਕਿੱਥੇ ਤੇ ਕਿਵੇਂ ਕੀਤੀ ਜਾਵੇਗੀ ਤਾਂ ਜੋ ਦਿੱਲੀ ਪੁਲੀਸ ਦੀ ਭਰੋਸੇਯੋਗਤਾ ਅਤੇ ਦਿੱਲੀ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਾ ਹੋਵੇ। ਵਿੱਤੀ ਸਾਲ 2023 ਲਈ ਜਾਰੀ ਕੀਤੇ ਗਏ ਇਸ ਬਜਟ ਵਿੱਚ ਵੀ 1 ਹਜ਼ਾਰ 701.03 ਕਰੋੜ ਰੁਪਏ ਦਾ ਵੱਡਾ ਵਾਧਾ ਕੀਤਾ ਗਿਆ ਹੈ।
ਮੋਦੀ ਸਰਕਾਰ ਦਾ ਬਜਟ ਦਿੱਲੀ ਵਾਸੀਆਂ ਲਈ ਸਿਫ਼ਰ ਬਜਟ: ਕਾਂਗਰਸ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਸਾਲ 2022-23 ਲਈ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਦਿੱਲੀ ਲਈ ਕੁਝ ਨਹੀਂ ਦਿੱਤਾ ਗਿਆ ਹੈ। ਸਾਲ 2022-23 ਦਾ ਬਜਟ ਪੂਰੀ ਤਰ੍ਹਾਂ ‘ਸਿਫ਼ਰ’ ਬਜਟ ਹੈ ਜਿਸ ਵਿੱਚ ਅਸਮਾਨੀ ਮਹਿੰਗਾਈ ਅਤੇ ਕੋਵਿਡ ਲਾਗ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਪੈਟਰੋਲ ਅਤੇ ਡੀਜ਼ਲ ਸਮੇਤ ਐੱਲਪੀਜੀ ਦੀਆਂ ਵਧਦੀਆਂ ਕੀਮਤਾਂ ਵਿੱਚ ਕਮੀ ਅਤੇ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਵਿੱਚ ਰਾਹਤ ਦੀ ਉਮੀਦ ਕਰ ਰਹੇ ਦਿੱਲੀ ਵਾਸੀ ਬਜਟ ਤੋਂ ਬਾਅਦ ਖਾਲੀ ਹੱਥ ਰਹਿ ਗਏ ਹਨ। ਭਾਜਪਾ ਦੀ ਕੇਂਦਰ ਸਰਕਾਰ ਦੇ 7 ਸਾਲਾਂ ਦੇ ਸ਼ਾਸਨ ਦੌਰਾਨ ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਬਜਟ ਵਿੱਚ ਆਪਣੇ ਸਰਮਾਏਦਾਰ ਮਿੱਤਰਾਂ ਦੇ ਭਲੇ ਲਈ ਕੰਮ ਕੀਤਾ ਹੈ, ਜਦਕਿ ਗਰੀਬਾਂ ਅਤੇ ਰੁਜ਼ਗਾਰ ਪ੍ਰਾਪਤ ਲੋਕਾਂ ਨੂੰ ਰਾਹਤ ਦੇਣ ਤੋਂ ਦੂਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਲਾਂਕਣ ਕੀਤਾ ਜਾਵੇ ਤਾਂ ਤਨਖਾਹਦਾਰ, ਮੱਧ ਵਰਗ, ਨਿਮਨ ਵਰਗ, ਗ਼ਰੀਬ ਅਤੇ ਵਾਂਝੇ, ਨੌਜਵਾਨਾਂ, ਕਿਸਾਨਾਂ ਅਤੇ ਸੂਖਮ, ਲਘੂ ਤੇ ਦਰਮਿਆਨੇ ਸਨਅਤਾਂ, ਸੰਗਠਿਤ ਤੇ ਗੈਰ-ਸੰਗਠਤ ਖੇਤਰਾਂ ਲਈ ਬਜਟ ਵਿੱਚ ਕੁਝ ਨਹੀਂ ਦਿੱਤਾ ਗਿਆ।
ਭਾਜਪਾ ਨੇ ਬਜਟ ਦੇ ਸੋਹਲੇ ਗਾਏ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਬਜਟ 2022 ਸਵੈ-ਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵੱਲ ਇੱਕ ਵੱਡਾ ਕਦਮ ਹੈ। ਇਹ ਸਰਬ ਸੰਮਲਿਤ ਤੇ ਕਲਿਆਣਕਾਰੀ ਬਜਟ ਨਵੇਂ ਭਾਰਤ ਦੀਆਂ ਉਮੀਦਾਂ ਨੂੰ ਪ੍ਰਾਪਤ ਕਰਨ ’ਤੇ ਜ਼ੋਰ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਬਜਟ 2022 ਦਾ ਆਕਾਰ ਵਧਾ ਕੇ 39.45 ਲੱਖ ਕਰੋੜ ਰੁਪਏ ਕਰਨਾ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਦੀ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਹੈ। ਯਕੀਨ ਹੈ ਕਿ ਆਤਮ-ਨਿਰਭਰ ਭਾਰਤ ਦਾ ਇਹ ਬਜਟ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਵਿਸ਼ਵ ਦੀ ਮੋਹਰੀ ਅਰਥਵਿਵਸਥਾ ਬਣਾਉਣ ਵਿੱਚ ਮਦਦਗਾਰ ਹੋਵੇਗਾ।