ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਅਪਰੈਲ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਭਾਜਪਾ ਨੇ ਪੂਰੇ ਦੇਸ਼ ਵਿੱਚ ਗੁੰਡਾਗਰਦੀ ਮਚਾ ਰੱਖੀ ਹੈ। ਭਾਰਤੀ ਜਨਤਾ ਪਾਰਟੀ ਕਦੇ ਸਕੂਲ-ਕਾਲਜ, ਰੁਜ਼ਗਾਰ, ਮਹਿੰਗਾਈ ਦੀ ਗੱਲ ਕਰਦੀ ਨਜ਼ਰ ਨਹੀਂ ਆਉਂਦੀ, ਭਾਜਪਾ ਦੇ ਆਗੂ ਜਾਂ ਤਾਂ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਹਨ ਜਾਂ ਫਿਰ ਅਜਿਹਾ ਕਰਨ ਵਾਲਿਆਂ ਦਾ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਵਿੱਚ ਜੋ ਅਰਾਜਕਤਾ ਫੈਲੀ ਹੋਈ ਹੈ, ਉਸ ਲਈ ਭਾਜਪਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਸ ਲਈ ਜੇਕਰ ਅੱਜ ਦੇਸ਼ ਵਿੱਚ ਬੁਲਡੋਜ਼ਰ ਨੂੰ ਰੋਕਣਾ ਹੈ ਤਾਂ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਭਾਜਪਾ ਦੇ ਮੁੱਖ ਦਫ਼ਤਰ ’ਤੇ ਬੁਲਡੋਜ਼ਰ ਚਲਾਓ, ਇਸ ਨਾਲ ਆਪਣੇ-ਆਪ ਹੀ ਗੁੰਡਾਗਰਦੀ ਦੇ ਮੁੱਖ ਦਫ਼ਤਰ ’ਤੇ ਬੁਲਡੋਜ਼ਰ ਚੱਲ ਜਾਵੇਗਾ ਤੇ ਦੇਸ਼ ਭਰ ਵਿੱਚ ਇਹ ਗੁੰਡਾਗਰਦੀ ਬੰਦ ਹੋ ਜਾਵੇਗੀ| ਸ੍ਰੀ ਸਿਸੋਦੀਆ ਨੇ ਕਿਹਾ ਕਿ ਦੇਸ਼ ਦਾ ਭਲਾ ਕਰਨ, ਅਗਲੀ ਪੀੜ੍ਹੀ ਨੂੰ ਪੜ੍ਹਾਉਣ ਅਤੇ ਨੌਕਰੀਆਂ ਦੇਣ ਦਾ ਕੰਮ ਭਾਜਪਾ ਦੇ ਹੱਥ ਨਹੀਂ ਹੈ। ਭਾਜਪਾ ਨੇ ਪਿਛਲੇ 8 ਸਾਲਾਂ ਤੋਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਸਕੂਲ-ਹਸਪਤਾਲ ਲਈ ਕੋਈ ਕੰਮ ਨਹੀਂ ਕੀਤਾ| ਅੱਜ ਦੇਸ਼ ਦੇ ਨੌਜਵਾਨ ਜੋ ਦੇਸ਼ ਨੂੰ ਇੱਕ ਪੜ੍ਹੇ-ਲਿਖੇ ਰਾਸ਼ਟਰ ਦੀ ਪਛਾਣ ਦੇਣਾ ਚਾਹੁੰਦੇ ਹਨ, ਉਹ ਭਾਜਪਾ ਦੀ ਅਰਾਜਕਤਾ ਤੋਂ ਪੂਰੀ ਤਰ੍ਹਾਂ ਨਿਰਾਸ਼ ਹਨ।
ਸ੍ਰੀ ਸਿਸੋਦੀਆ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਸਵਾਲ ਕਰਦਿਆਂ ਕਿ ਭਾਜਪਾ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੇ 8 ਸਾਲਾਂ ਤੋਂ ਦੇਸ਼ ਭਰ ਵਿੱਚ ਜ਼ਿਆਦਾਤਰ ਬੰਗਲਾਦੇਸ਼ੀ-ਰੋਹਿੰਗਿਆ ਕਿਉਂ ਵਸੇ ਹੋਏ ਹਨ ? ਭਾਜਪਾ ਨੂੰ ਹਿਸਾਬ ਦੇਣਾ ਚਾਹੀਦਾ ਹੈ ਕਿ ਕਿੰਨੇ ਬੰਗਲਾਦੇਸ਼ੀ-ਰੋਹਿੰਗਿਆ ਵੱਖ-ਵੱਖ ਥਾਵਾਂ ’ਤੇ ਵਸੇ ਹੋਏ ਹਨ। ਅੱਜ ਭਾਜਪਾ ਦੇ ਸ਼ਾਸਨ ਵਾਲੇ ਐੱਮ.ਸੀ.ਡੀ ਨੇ ਗੈਰ-ਕਾਨੂੰਨੀ ਉਸਾਰੀਆਂ ਨੂੰ ਤੋੜਨ ਦਾ ਡਰਾਮਾ ਕੀਤਾ ਹੈ, ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਸਨੇ ਪਿਛਲੇ 15 ਸਾਲਾਂ ਤੋਂ ਐੱਮ.ਸੀ.ਡੀ ਵਿੱਚ ਰਹਿੰਦਿਆਂ ਉਸਾਰੀਆਂ ਨੂੰ ਕਿਉਂ ਬਣਵਾਇਆ। ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕਿਹੜੇ ਨੇਤਾਵਾਂ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਅਤੇ ਕਿੰਨੇ ਪੈਸੇ ਖਾ ਕੇ ਉਨ੍ਹਾਂ ਨੂੰ ਬਣਾਇਆ। ਭਾਜਪਾ ਨੇ ਪਹਿਲਾਂ ਇਹ ਨਾਜਾਇਜ਼ ਉਸਾਰੀਆਂ 15 ਸਾਲਾਂ ’ਚ ਕਰਵਾਈਆਂ ਤੇ ਅੱਜ ਇਨ੍ਹਾਂ ਨੂੰ ਤੋੜਨ ਦਾ ਡਰਾਮਾ ਕਰ ਰਹੀ ਹੈ ਪਰ ਉਹ 15 ਸਾਲਾਂ ਤੋਂ ਕੀ ਕਰ ਰਹੀ ਸੀ।
ਭਾਜਪਾ ਵੱਲੋਂ ਨਿਗਮ ਤੇ ਦਿੱਲੀ ਪੁਲੀਸ ਦਾ ਧੰਨਵਾਦ
ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਰੋਹਿੰਗਿਆ-ਬੰਗਲਾਦੇਸ਼ੀ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ’ਤੇ ਬੁਲਡੋਜ਼ਰ ਚਲਾਉਣ ਲਈ ਨਿਗਮ ਅਤੇ ਦਿੱਲੀ ਪੁਲੀਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਹਾਂਗੀਰਪੁਰੀ ਵਿੱਚ ਨਿਗਮ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਢਾਹਿਆ ਗਿਆ ਹੋਵੇ। ਇਸ ਸਾਲ ਇਹ 7ਵੀਂ ਵਾਰ ਹੈ, ਜਦੋਂ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ। ਨਿਗਮ ਨੇ ਹਮੇਸ਼ਾ ਹੀ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਹ ਨਿਗਮ ਦਾ ਰੁਟੀਨ ਕੰਮ ਹੈ। ਅੱਜ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਾ ਹੈ ਕਿਉਂਕਿ ਜਹਾਂਗੀਰਪੁਰੀ ਵਿੱਚ ਆਪਣੇ ਨਗਰ ਕੌਂਸਲਰ ਅਤੇ ਵਿਧਾਇਕ ਦੀ ਸੁਰੱਖਿਆ ਹੇਠ ਹੋ ਰਹਿ ਰਹੇ ਰੋਹਿੰਗਿਆ-ਬੰਗਲਾਦੇਸ਼ੀ ਦਾ ਹੁਣ ਪਰਦਾਫਾਸ਼ ਹੋ ਗਿਆ ਹੈ। ਆਦੇਸ਼ ਗੁਪਤਾ ਨੇ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਜਦੋਂ ਸਾਨੂੰ ਇਹ ਪਛਾਣ ਕਰਨ ਦੀ ਜ਼ਰੂਰਤ ਹੈ ਕਿ ਉਹ ਲੋਕ ਕੌਣ ਹਨ, ਜੋ ਰੋਹਿੰਗਿਆ-ਬੰਗਲਾਦੇਸ਼ੀ ਦੁਆਰਾ ਗੈਰ-ਕਾਨੂੰਨੀ ਨਿਰਮਾਣ ਨੂੰ ਬਚਾਉਣ ਲਈ ਸੁਪਰੀਮ ਕੋਰਟ ਗਏ ਸਨ।
ਦੰਗਿਆਂ ਲਈ ਭਾਜਪਾ ਤੇ ‘ਆਪ’ ਜ਼ਿੰਮੇਵਾਰ: ਕਾਂਗਰਸ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਫ਼ਤਰ, ਰਾਜੀਵ ਭਵਨ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸੰਚਾਰ ਵਿਭਾਗ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਅਨਿਲ ਭਾਰਦਵਾਜ ਨੇ ਕਿਹਾ ਕਿ ਦੰਗਿਆਂ ਤੋਂ ਬਾਅਦ ਸ਼ਾਂਤੀ, ਭਾਈਚਾਰਾ ਅਤੇ ਸਦਭਾਵਨਾ ਬਹਾਲ ਕੀਤੀ ਜਾਣੀ ਚਾਹੀਦੀ ਹੈ। ਜਹਾਂਗੀਰਪੁਰੀ ਵਿੱਚ ਨਿਰਪੱਖ ਜਾਂਚ ਕਰਵਾਉਣ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਹਰਾਉਣ ਲਈ ਸੂਬਾ ਕਾਂਗਰਸ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਵਿੱਚ ਜੰਤਰ-ਮੰਤਰ ’ਤੇ ਧਰਨਾ ਦਿੱਤਾ ਜਾਵੇਗਾ। ਸੂਬਾ ਕਾਂਗਰਸ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਹਾਂਗੀਰਪੁਰੀ ਦੰਗਿਆਂ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵੇਂ ਸਰਕਾਰਾਂ ਜ਼ਿੰਮੇਵਾਰ ਹਨ, ਜੋ ਧਾਰਮਿਕ ਜਨੂੰਨ ਨੂੰ ਬੜ੍ਹਾਵਾ ਦੇ ਰਹੀਆਂ ਹਨ।