ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਸਾਬਕਾ ਨਿਗਮ ਕੌਂਸਲਰ ਤੇ ਸਾਬਕਾ ਜਨਰਲ ਸਕੱਤਰ ਰਾਜੇਸ਼ ਭਾਟੀਆ ਨੂੰ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਹੈ। ਰਾਜਿੰਦਰ ਨਗਰ ਹਲਕੇ ਵਿੱਚ ਪੰਜਾਬੀਆਂ ਦੀ ਵੱਧ ਵਸੋਂ ਹੈ। ਇਹ ਹਲਕਾ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਵੱਲੋਂ ਅਸਤੀਫ਼ਾ ਦੇ ਕੇ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਜਾਣ ਕਰਕੇ ਖਾਲੀ ਹੋਇਆ ਸੀ। ਰਾਘਵ ਚੱਢਾ ਨੇ 2020 ਦੀਆਂ ਚੋਣਾਂ ਦੌਰਾਨ ਭਾਜਪਾ ਦੇ ਆਰਪੀ ਸਿੰਘ ਨੂੰ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ ਸੀ। ‘ਆਪ’ ਵੱਲੋਂ ਪਹਿਲਾਂ ਹੀ ਦੁਰਗੇਸ਼ ਪਾਠਕ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਜਦੋਂਕਿ ਕਾਂਗਰਸ ਨੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਰਾਜੇਸ਼ ਭਾਟੀਆ 2012 ਦੀਆਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਇੱਥੋਂ ਭਾਜਪਾ ਵੱਲੋਂ ਕੌਂਸਲਰ ਚੁਣੇ ਗਏ ਸਨ। ਕੁੱਝ ਆਜ਼ਾਦ ਉਮੀਦਵਾਰਾਂ ਵੱਲੋਂ ਚੋਣਾਂ ਲੜਨ ਦੀ ਤਿਆਰੀ ਖਿੱਚੀ ਗਈ ਹੈ। ਕਾਗਜ਼ ਦਾਖ਼ਲ ਕਰਨ ਦੀ ਆਖ਼ਰੀ ਤਰੀਕ 6 ਜੂਨ ਹੈ ਤੇ 23 ਜੂਨ ਨੂੰ ਵੋਟਾਂ ਪੈਣਗੀਆਂ।
ਪ੍ਰੇਮ ਲਤਾ ਬਣੀ ਕਾਂਗਰਸ ਦੀ ਉਮੀਦਵਾਰ
ਨਵੀਂ ਦਿੱਲੀ: ਦਿੱਲੀ ਪ੍ਰਦੇਸ਼ ਕਾਂਗਰਸ ਵੱਲੋਂ ਰਾਜਿੰਦਰ ਨਗਰ ਤੋਂ ਸ੍ਰੀਮਤੀ ਪ੍ਰੇਮ ਲਤਾ ਨੂੰ ਉਮੀਦਵਾਰ ਬਣਾਇਆ ਹੈ। ਉਹ ਨਿਗਮ ਦੀ ਸਾਬਕਾ ਕੌਂਸਲਰ ਹੈ। ਪ੍ਰਦੇਸ਼ ਕਾਂਗਰਸ ਵੱਲੋਂ ਦੱਸਿਆ ਗਿਆ ਕਿ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸ੍ਰੀਮਤੀ ਪ੍ਰੇਮ ਲਤਾ ਦੇ ਨਾਂ ਨੂੰ ਮਨਜ਼ੂਰ ਕੀਤਾ ਗਿਆ।